ਮੁੰਬਈ:ਅਦਾਕਾਰਾ ਦੀਪਿਕਾ ਪਾਦੂਕੋਨ ਆਸਕਰ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਰਵਾਨਾ ਹੋ ਗਈ ਹੈ। ਇਸ ਵੱਕਾਰੀ ਸਮਾਗਮ ਵਿੱਚ ਉਹ ਐਵਾਰਡਾਂ ਦੀ ਵੰਡ ਕਰੇਗੀ। ਆਸਕਰ-2023 ਐਵਾਰਡ ਸਮਾਗਮ ਲਈ ਰਵਾਨਾ ਹੋਣ ਵੇਲੇ ਏਅਰਪੋਰਟ ’ਤੇ ਖਿੱਚੀ ਗਈ ਦੀਪਿਕਾ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਉਸ ਦਾ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਉਸ ਨੂੰ ਏਅਰਪੋਰਟ ’ਤੇ ਛੱਡਣ ਆਇਆ ਸੀ। ਮਸ਼ਹੂਰ ਪੈਪਾਰਾਜ਼ੀ ਵਿਰਾਲ ਭਿਆਨੀ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੀਪਿਕਾ ਕਾਲਾ ਬਲੇਜ਼ਰ ਅਤੇ ਡੈਨਿਮ ਪਾਈ ਆਪਣੀ ਗੱਡੀ ’ਚੋਂ ਉੱਤਰਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਲਾਸ ੲੇਂਜਲਸ ਵਿੱਚ 12 ਮਾਰਚ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਦੀਪਿਕਾ ਨਾਲ ਐਮਿਲੀ ਬਲੰਟ, ਸੈਮੁਅਲ ਜੈਕਸਨ ਅਤੇ ਡਵੇਨ ਜੌਹਨਸਨ ਵਰਗੇ ਸਿਤਾਰੇ ਸ਼ਾਮਲ ਹੋਣਗੇ।