ਮੁੰਬਈ:ਬੌਲੀਵੁੱਡ ਅਦਾਕਾਰਾ ਆਲੀਆ ਭੱਟ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਪਹਿਲੀ ਫ਼ਿਲਮ ‘ਡਾਰਲਿੰਗਜ਼’ ਦਾ ਆਗਾਮੀ 5 ਅਗਸਤ ਨੂੰ ਨੈੱਟਫਲਿਕਸ ’ਤੇ ਪ੍ਰੀਮੀਅਰ ਹੋਵੇਗਾ। ਨੈੱਟਫਲਿਕਸ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਮੁੰਬਈ ਦੀ ਪਿੱਠਭੂਮੀ ’ਤੇ ਆਧਾਰਿਤ ਇਸ ਕਾਮੇਡੀ ਫ਼ਿਲਮ ਵਿੱਚ ਆਲੀਆ ਨਾਲ ਸ਼ੈਫਾਲੀ ਸ਼ਾਹ, ਵਿਜੈ ਵਰਮਾ ਅਤੇ ਰੌਸ਼ਨ ਮੈਥਿਊ ਵੀ ਨਜ਼ਰ ਆਉਣਗੇ। ਆਲੀਆ ਨੇ ਸ਼ਾਹਰੁਖ਼ ਖ਼ਾਨ ਦੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੇ ‘ਐਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼’ ਦੇ ਬੈਨਰ ਹੇਠ ਇਹ ਫ਼ਿਲਮ ਬਣਾਈ ਹੈ। ਨੈੱਟਫਲਿਕਸ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਲੇਖਕ ਜਸਮੀਤ ਕੇ ਰੀਨ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਹੈ। ਫ਼ਿਲਮ ਦੇ ਪੋਸਟਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਕੀ ਡੱਡੂ ਤੇ ਬਿੱਛੂ ਦੋਸਤ ਹੋ ਸਕਦੇ ਹਨ? ਪੰਜ ਅਗਸਤ ਨੂੰ ਨੈਟਫਲਿਕਸ ’ਤੇ ਦੇਖੋ ਡਾਰਲਿੰਗਜ਼..!’’ ਆਲੀਆ ਭੱਟ (29) ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਹੈ। ਇਹ ਫ਼ਿਲਮ ਅਜਿਹੀ ਮਾਂ-ਧੀ ਦੀ ਕਹਾਣੀ ਪੇਸ਼ ਕਰਦੀ ਹੈ, ਜਿਹੜੀਆਂ ਮੁਸ਼ਕਲ ਹਾਲਾਤ ਨਾਲ ਜੂਝਦਿਆਂ ਸ਼ਹਿਰ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਵਿੱਚ ਲੋਕਾਂ ਕੋਲੋਂ ਹੌਸਲੇ ਅਤੇ ਪਿਆਰ ਦੀ ਆਸ ਕਰਦੀਆਂ ਹਨ।