ਚੰਡੀਗੜ੍ਹ:ਅਦਾਕਾਰਾ ਆਲੀਆ ਭੱਟ ਨੇ ਆਪਣੀ ਪਹਿਲੀ ਹੌਲੀਵੁੱਡ ਫ਼ਿਲਮ ਦੀ ਸ਼ੂਟਿੰਮ ਮੁਕੰਮਲ ਕਰ ਲਈ ਹੈ। ਟੌਮ ਹਾਰਪਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਲਈ ਅਦਾਕਾਰਾ ਯੂਰਪ ਗਈ ਹੋਈ ਹੈ, ਜਿਥੋਂ ਉਸ ਨੇ ਫ਼ਿਲਮ ਦੇ ਅਮਲੇ ਅਤੇ ਸਹਿ ਕਲਾਕਾਰਾਂ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਆਲੀਆ ਨੇ ਅਦਾਕਾਰਾ ਗੈਲ ਗਦੋਟ ਨੂੰ ਜੱਫ਼ੀ ਪਾਈ ਹੋਈ ਹੈ। ‘ਹਾਰਟ ਆਫ ਸਟੋਨ’ ਦੇ ਕੰਮ ਦੇ ‘ਨਾਭੁੱਲਣਯੋਗ ਤਜਰਬੇ’ ਬਾਰੇ ਆਲੀਆ ਨੇ ਇਕ ਪੱਤਰ ਵੀ ਲਿਖਿਆ ਹੈ। ਅਦਾਕਾਰਾ ਨੇ ਆਖਿਆ, ‘ਹਾਰਟ ਆਫ ਸਟੋਨ- ਮੇਰਾ ਦਿਲ ਤੁਹਾਡੇ ਕੋਲ ਹੈ। ਸ਼ੁਕਰੀਆ ਮੇਰੀ ਪਿਆਰੀ ਗੈਲ ਗਦੋਟ, ਨਿਰਦੇਸ਼ਕ ਟੌਮ ਹਾਰਪਰ… ਜੈਮੀ ਡੋਰਮੈਨ ਤੁੁਹਾਨੂੰ ਅੱਜ ਬਹੁਤ ਯਾਦ ਕੀਤਾ। ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਰਹਾਂਗੀ। ਮੈਂ ਤੁਹਾਨੂੰ ਫ਼ਿਲਮ ਵਿੱਚ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ।’’ਇੱਕ ਪਾਸੇ ਜਿਥੇ ਆਲੀਆ ਆਪਣੀ ਫ਼ਲਮ ਦੀ ਸ਼ੂਟਿੰਗ ਮੁਕੰਮਲ ਹੋਣ ਨੂੰ ਲੈ ਕੇ ਖੁਸ਼ ਹੈ, ਉਥੇ ਹੀ ਉਹ ਰਣਬੀਰ ਕੋਲ ਪਰਤਣ ਲਈ ਵੀ ਉਤਾਵਲੀ ਹੈ। ਇਸ ਮੌਕੇ ਗੈਲ ਗਦੋਟ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਲੀਆ ਦੀ ਤਸਵੀਰ ਸਾਂਝੀ ਕਰਦਿਆਂ ਉਸ ਨੂੰ ‘ਬਾਕਮਾਲ ਹੁਨਰ’ ਤੇ ‘ਬਿਹਤਰੀਨ ਇਨਸਾਨ’ ਦੱਸਿਆ ਹੈ। ਜ਼ਿਕਰਯੋਗ ਹੈ ਕਿ ਨੈੱਟਫਲਿਕਸ ਲਈ ਤਿਆਰ ਕੀਤਾ ਗਿਆ ਆਲੀਆ ਦਾ ਪਹਿਲਾਂ ਪ੍ਰਾਜੈਕਟ ‘ਡਾਰਲਿੰਗਜ਼’ ਵੀ 5 ਅਗਸਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੰਭੀਰ ਕਾਮੇਡੀ ਵਿੱਚ ਵਿਜੈ ਵਰਮਾ ਤੇ ਸ਼ੈਫਾਲੀ ਸ਼ਾਹ ਵੀ ਦਿਖਾਈ ਦੇਣਗੇ। ਇਸ ਦੇ ਨਾਲ ਹੀ ਆਲੀਆ ਰਣਬੀਰ ਨਾਲ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਵਿੱਚ ਵੀ ਦਿਖਾਈ ਦੇਵੇਗੀ। ਇਹ ਫਿਲਮ 9 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।