ਮੁੰਬਈ, 13 ਅਕਤੂਬਰ

ਦੰਗਿਆਂ ਦੇ ਕੇਸ ਵਿਚ ਇਕ ਵਿਅਕਤੀ ਦੀ ਅਗਾਊਂ ਜ਼ਮਾਨਤ ਬਾਰੇ ਅਰਜ਼ੀ ਖਾਰਜ

ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਵਿਸ਼ੇਸ਼ ਅਦਾਲਤ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਜਵਾਬ ਮੰਗਿਆ ਹੈ। ਅਦਾਲਤ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਬੁੱਧਵਾਰ ਨੂੰ ਕਰੇਗੀ। ਜ਼ਿਕਰਯੋਗ ਹੈ ਕਿ ਆਰਿਅਨ ਨੂੰ ਡਰੱਗ ਕੇਸ ਵਿਚ ਕਰੂਜ਼ ਸ਼ਿੱਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਡੀਪੀਐੱਸ ਐਕਟ ਬਾਰੇ ਵਿਸ਼ੇਸ਼ ਅਦਾਲਤ ਦੇ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਜ਼ਮਾਨਤ ਅਰਜ਼ੀ 13 ਨੂੰ ਸੁਣੀ ਜਾਵੇਗੀ। ਆਰਿਅਨ ਨੂੰ ਤਿੰਨ ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਆਰਥਰ ਰੋਡ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਹੈ। ਆਰਿਅਨ ਦੀ ਜ਼ਮਾਨਤ ਅਰਜ਼ੀ ਪਿਛਲੇ ਹਫ਼ਤੇ ਮੈਜਿਸਟਰੇਟ ਕੋਰਟ ਨੇ ਖਾਰਜ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਇਸ ਮਾਮਲੇ ਉਤੇ ਸੁਣਵਾਈ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਸ ਤੋਂ ਬਾਅਦ ਵਿਸ਼ੇਸ਼ ਅਦਾਲਤ ਪਹੁੰਚ ਕੀਤੀ ਗਈ ਸੀ। ਆਰਿਅਨ ਦੇ ਵਕੀਲ ਅਮਿਤ ਦੇਸਾਈ ਵੱਲੋਂ ਦਾਇਰ ਅਰਜ਼ੀ ’ਤੇ ਐਨਸੀਬੀ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਫ਼ਤੇ ਦਾ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਏਜੰਸੀ ਕਾਫ਼ੀ ਦਸਤਾਵੇਜ਼ ਇਕੱਠੇ ਕਰ ਰਹੀ ਹੈ। ਆਰਿਅਨ ਨੂੰ ਜ਼ਮਾਨਤ ਮਿਲਣ ’ਤੇ ਕੇਸ ਦੀ ਜਾਂਚ ਪ੍ਰਭਾਵਿਤ ਹੋਵੇਗੀ। ਦੇਸਾਈ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਕ ਵਿਅਕਤੀ ਦੀ ਆਜ਼ਾਦੀ ਦਾਅ ਉਤੇ ਲੱਗੀ ਹੋਈ ਹੈ ਤੇ ਮੁਲਜ਼ਮ ਨੂੰ ਜ਼ਮਾਨਤ ਦੇਣ ਨਾਲ ਜਾਂਚ ਪ੍ਰਭਾਵਿਤ ਨਹੀਂ ਹੋਵੇਗੀ। ਵਕੀਲ ਨੇ ਕਿਹਾ ਕਿ ਆਰਿਅਨ ਕੋਲੋਂ ਡਰੱਗ ਨਹੀਂ ਮਿਲਿਆ ਤੇ ਜ਼ਮਾਨਤ ਮਿਲਣੀ ਚਾਹੀਦੀ ਹੈ।

ਆਰਿਅਨ ਤੋਂ ਇਲਾਵਾ ਚਾਰ ਹੋਰ ਮੁਲਜ਼ਮਾਂ ਨੇ ਵੀ ਵਿਸ਼ੇਸ਼ ਅਦਾਲਤ ਵਿਚ ਜ਼ਮਾਨਤ ਅਰਜ਼ੀ ਪਾਈ ਹੈ। ਸੂਤਰਾਂ ਮੁਤਾਬਕ ਆਰਿਅਨ ਖਾਨ ਦੀ ਸ਼ਮੂਲੀਅਤ ਵਾਲੇ ਕੇਸ ਦੀ ਜਾਂਚ ਕਰ ਰਹੇ ਐਨਸੀਬੀ ਦੇ ਚੋਟੀ ਦੇ ਅਧਿਕਾਰੀ ਸਮੀਰ ਵਾਨਖੇੜੇ ਨੇ ਮਹਾਰਾਸ਼ਟਰ ਪੁਲੀਸ ਮੁਖੀ ਨਾਲ ਅੱਜ ਮੁਲਾਕਾਤ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ।