ਓਟਵਾ, 19 ਜਨਵਰੀ : ਬੁੱਧਵਾਰ ਨੂੰ ਯੂਕਰੇਨ ਦੇ ਅਚਨਚੇਤੀ ਦੌਰੇ ਉੱਤੇ ਗਈ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਹ ਐਲਾਨ ਕੀਤਾ ਕਿ ਕੈਨੇਡਾ ਵੱਲੋਂ ਜੰਗ ਦੇ ਝੰਭੇ ਦੇਸ਼ ਦੀ ਮਦਦ ਲਈ 200 ਹਥਿਆਰਬੰਦ ਗੱਡੀਆਂ ਯੂਕਰੇਨ ਭੇਜੀਆਂ ਜਾਣਗੀਆਂ।
ਇਹ ਗੱਡੀਆਂ ਮਿਸੀਸਾਗਾ, ਓਨਟਾਰੀਓ ਸਥਿਤ ਕੰਪਨੀ ਰੋਸ਼ੇਲ ਤੋਂ 90 ਮਿਲੀਅਨ ਡਾਲਰ ਖਰਚ ਕੇ ਖਰੀਦੀਆਂ ਜਾ ਰਹੀਆਂ ਹਨ। ਪਿਛਲੇ ਸਾਲ ਫਰਵਰੀ ਵਿੱਚ ਰੂਸ ਵੱਲੋਂ ਯੂਕਰੇਨ ਦੀ ਕੀਤੀ ਗਈ ਚੜ੍ਹਾਈ ਦੇ ਜਵਾਬ ਵਿੱਚ ਕੈਨੇਡਾ ਵੱਲੋਂ ਇੱਕ ਵਾਰੀ ਫਿਰ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ ਸਾਲ ਬਸੰਤ ਵਿੱਚ ਵੀ ਕੈਨੇਡਾ ਨੇ ਰੋਸ਼ੇਲ ਕੰਪਨੀ ਵੱਲੋਂ ਤਿਆਰ ਅੱਠ ਸੈਨੇਟਰ ਆਰਮਰਡ ਪਰਸੋਨਲ ਕੈਰੀਅਰਜ਼ (Senator armoured personnel carriers) ਯੂਕਰੇਨ ਭੇਜੇ ਸਨ ਤੇ ਪਿੱਛੇ ਜਿਹੇ ਕੈਨੇਡਾ ਨੇ 406 ਮਿਲੀਅਨ ਡਾਲਰ ਦੀ ਲਾਗਤ ਨਾਲ ਅਮਰੀਕਾ ਵਿੱਚ ਤਿਆਰ ਏਅਰ ਡਿਫੈਂਸ ਸਿਸਟਮ ਵੀ ਯੂਕਰੇਨ ਨੂੰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।
ਇਸ ਤਰ੍ਹਾਂ ਦੇ ਐਲਾਨ ਉੱਤੇ ਕਈ ਪਾਸਿਆਂ ਤੋਂ ਇਤਰਾਜ਼ ਵੀ ਪ੍ਰਗਟਾਇਆ ਗਿਆ। ਇਹ ਸਵਾਲ ਵੀ ਪੁੱਛੇ ਜਾ ਰਹੇ ਹਨ ਕਿ ਕੈਨੇਡਾ ਅਮਰੀਕਾ ਤੋਂ ਇਸ ਤਰ੍ਹਾਂ ਦੇ ਮਿਲਟਰੀ ਨਾਲ ਸਬੰਧਤ ਅਤਿ-ਆਧੁਨਿਕ ਹਥਿਆਰ ਤੇ ਸਾਜ਼ੋ ਸਮਾਨ ਯੂਕਰੇਨ ਲਈ ਕਿਊਂ ਖਰੀਦੇ ਜਾ ਰਹੇ ਹਨ ਤੇ ਕੈਨੇਡੀਅਨ ਮਿਲਟਰੀ ਲਈ ਇਸ ਤਰ੍ਹਾਂ ਦੇ ਹਥਿਆਰ ਤੇ ਸਿਸਟਮ ਤਿਆਰ ਕਿਉਂ ਨਹੀਂ ਕੀਤਾ ਜਾਂਦਾ।
ਅਨੀਤਾ ਆਨੰਦ ਵੱਲੋਂ ਯੂਕਰੇਨ ਦੇ ਇਸ ਇੱਕ ਰੋਜ਼ਾ ਦੌਰੇ ਦੌਰਾਨ ਆਪਣੇ ਹਮਰੁਤਬਾ ਅਧਿਕਾਰੀ ਓਲੈਕਸੀ ਰੈਜ਼ਨੀਕੋਵ ਨਾਲ ਮੁਲਾਕਾਤ ਕੀਤੀ ਗਈ। ਆਨੰਦ ਵੱਲੋਂ ਸ਼ੁੱਕਰਵਾਰ ਨੂੰ ਜਰਮਨੀ ਵਿੱਚ ਅਮਰੀਕਾ ਦੀ ਅਗਵਾਈ ਵਿੱਚ ਯੂਕਰੇਨ ਬਾਰੇ ਕੀਤੀ ਜਾ ਰਹੀ ਮੀਟਿੰਗ ਵਿੱਚ ਵੀ ਹਿੱਸਾ ਲਿਆ ਜਾਵੇਗਾ।