ਓਟਵਾ, 4 ਫਰਵਰੀ : ਦੂਰ ਆਕਾਸ਼ ਵਿੱਚ ਮੌਜੂਦ ਸਰਵੇਲੈਂਸ ਬਲੂਨ ਦਾ ਪਤਾ ਲੱਗਣ ਤੋਂ ਬਾਅਦ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਕਹਿਣਾ ਹੈ ਕਿ ਕੈਨੇਡਾ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ੀ ਖੁਫੀਆ ਤੰਤਰ ਦੇ ਹੱਥ ਲੱਗਣ ਤੋਂ ਬਚਾਉਣ ਲਈ ਅਮਰੀਕਾ ਨਾਲ ਰਲ ਕੇ ਕੰਮ ਰਿਹਾ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਦੀ ਏਅਰਸਪੇਸ ਵਿੱਚ ਇੱਕ ਚੀਨੀ ਸਰਵੇਲੈਂਸ ਬਲੂਨ ਨੂੰ ਟਰੈਕ ਕੀਤਾ ਜਾ ਰਿਹਾ ਹੈ। ਇਹ ਬਲੂਨ ਚੀਨ ਦਾ ਹੋਣ ਦਾ ਸ਼ੱਕ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਨੂੰ ਇਸ ਲਈ ਨਹੀਂ ਫੁੰਡਿਆ ਜਾ ਰਿਹਾ ਤਾਂ ਕਿ ਜ਼ਮੀਨ ਉੱਤੇ ਇਸ ਦੇ ਡਿੱਗਣ ਨਾਲ ਲੋਕ ਜ਼ਖ਼ਮੀ ਨਾ ਹੋ ਜਾਣ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੇ ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਆਖਿਆ ਗਿਆ ਕਿ ਇਸ ਬਲੂਨ ਦੀ ਹਰੇਕ ਹਰਕਤ ਉੱਤੇ ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
ਇਸ ਬਿਆਨ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਕੀ ਇਹ ਬਲੂਨ ਕੈਨੇਡੀਅਨ ਏਅਰਸਪੇਸ ਦੇ ਉੱਪਰੋਂ ਤਾਂ ਨਹੀਂ ਆਇਆ ਤੇ ਨਾ ਹੀ ਸਪਸ਼ਟ ਤੌਰ ਉੱਤੇ ਇਹ ਆਖਿਆ ਜਾ ਰਿਹਾ ਹੈ ਕਿ ਇਹ ਬਲੂਨ ਚੀਨ ਦਾ ਹੀ ਹੈ। ਇਹ ਜ਼ਰੂਰ ਆਖਿਆ ਗਿਆ ਕਿ ਕੈਨੇਡੀਅਨਜ਼ ਸੁਰੱਖਿਅਤ ਹਨ ਤੇ ਉਹ ਆਪਣੀ ਏਅਰਸਪੇਸ ਦੀ ਸਕਿਊਰਿਟੀ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੇ ਹਨ। ਬਿਆਨ ਵਿੱਚ ਆਖਿਆ ਗਿਆ ਕਿ ਨੌਰਾਡ, ਕੈਨੇਡੀਅਨ ਆਰਮਡ ਫੋਰਸਿਜ਼, ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੇ ਹੋਰ ਭਾਈਵਾਲ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਤੇ ਆਪਸੀ ਤਾਲਮੇਲ ਨਾਲ ਚੱਲ ਰਹੇ ਹਨ।