ਨਵੀਂ ਦਿੱਲੀ:ਬੀਸੀਸੀਆਈ ਨੇ ਅੱਜ 2023 ਤੋਂ 2027 ਤੱਕ ਆਈਪੀਐੱਲ ਦੇ ਮੀਡੀਆ ਅਧਿਕਾਰ 48,390 ਕਰੋੜ ਰੁਪਏ ਵਿੱਚ ਵੇਚ ਦਿੱੱਤੇ ਹਨ। ਭਾਰਤੀ ਉਪ ਮਹਾਦੀਪ ਦੇ ਟੀਵੀ ਅਧਿਕਾਰ ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ ਵਿੱਚ ਖਰੀਦੇ ਪਰ ਡਿਜੀਟਲ ਅਧਿਕਾਰ ਰਿਲਾਇੰਸ ਦੀ ਵਾਇਕਾਮ 18 ਨੇ 20,500 ਕਰੋੜ ਰੁਪਏ ਵਿੱਚ ਆਪਣੇ ਨਾਮ ਕੀਤੇ। ਵਾਇਕਾਮ ਨੇ ‘ਨਾਨ ਐਕਸਲੂਸਿਵ’ ਅਧਿਕਾਰਾਂ ਦਾ ਸੀ ਪੈਕੇਜ ਵੀ 2,991 ਕਰੋੜ ਰੁਪਏ ਵਿੱਚ ਖਰੀਦਿਆ। ਏ ਅਤੇ ਬੀ ਪੈਕੇਜ ਵਿੱਚ ਅਗਲੇ ਪੰਜ ਸਾਲ ਦੇ 410 ਮੁਕਾਬਲੇ ਸ਼ਾਮਲ ਹਨ। ਵਾਇਕਾਮ ਨੇ ਇੱਕ ਗਰੁੱਪ ਜ਼ਰੀਏ ਬੋਲੀ ਲਗਾਈ, ਜਿਸ ਵਿੱਚ ਸਟਾਰ ਇੰਡੀਆ ਦੇ ਸਾਬਕਾ ਮੁਖੀ ਉਦੈ ਸ਼ੰਕਰ (ਬੋਧੀ ਟ੍ਰੀ) ਅਤੇ ਜੇਮਜ਼ ਮੁਰਡੋਕ (ਲੁਪਾ ਸਿਸਟਮਜ਼) ਸ਼ਾਮਲ ਹਨ।  ਜ਼ਿਕਰਯੋਗ ਹੈ ਕਿ ਆਈਪੀਐੱਲ ਦੇ ਹਰ ਮੈਚ ਦੀ ਕੀਮਤ ’ਚ ਪਿਛਲੀ ਵਾਰ ਨਾਲੋਂ ਸੌ ਫੀਸਦੀ ਵਾਧਾ ਹੋਇਆ ਹੈ। ਪਿਛਲੀ ਵਾਰ ਹਰ ਮੈਚ 54.5 ਕਰੋੜ ਰੁਪਏ ਦਾ ਸੀ ਜੋ ਹੁਣ 114 ਕਰੋੜ ਰੁਪਏ ਦਾ ਹੋ ਗਿਆ ਹੈ।