ਨਵੀਂ ਦਿੱਲੀ, 6 ਸਤੰਬਰ

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਫ਼ੈਜ਼ ਹਮੀਦ ਦੇ ਕਾਬੁਲ ਪਹੁੰਚਣ ਦਾ ਮਕਸਦ ਹੁਣ ਸਪੱਸ਼ਟ ਹੋਇਆ ਹੈ। ਮੁੱਲ੍ਹਾ ਅਬਦੁੱਲ ਗਨੀ ਬਰਾਦਰ ਅਤੇ ਹੱਕਾਨੀ ਦੀ ਹਮਾਇਤ ਵਾਲੇ ਗੁਟਾਂ ਵਿਚਕਾਰ ਝੜਪਾਂ ਮਗਰੋਂ ਉਹ ਉਥੇ ਪਹੁੰਚਿਆ ਹੈ। ਝੜਪਾਂ ’ਚ ਤਾਲਿਬਾਨ ਦਾ ਸਹਿ-ਬਾਨੀ ਫੱਟੜ ਹੋਇਆ ਹੈ। ਵੈੱਬਸਾਈਟ ‘ਮਾਈਕਲ ਰੂਬਿਨ 1945’ ਮੁਤਾਬਕ ਹੱਕਾਨੀ ਅਤੇ ਤਾਲਿਬਾਨ ਦੇ ਹੋਰ ਧੜਿਆਂ ਨੂੰ ਹੈਬਤਉੱਲ੍ਹਾ ਅਖੁੰਦਜ਼ਾਦਾ ਆਗੂ ਵਜੋਂ ਮਨਜ਼ੂਰ ਨਹੀਂ ਹੈ। ਝੜਪਾਂ ਅਤੇ ਵਿਰੋਧ ਕਾਰਨ ਬਰਾਦਰ ਨੂੰ ਅਫ਼ਗਾਨਿਸਤਾਨ ਦੀ ਕਮਾਨ ਸੰਭਾਲਣ ਦਾ ਕੰਮ ਅੱਗੇ ਪੈ ਗਿਆ ਹੈ। ਰੂਬਿਨ ਨੇ ਕਿਹਾ ਕਿ ਸਰਕਾਰ ਬਣਾਉਣ ’ਚ ਦੇਰੀ ਨਾਲ ਤਾਲਿਬਾਨ ਅੰਦਰ ਵੱਡਾ ਸੰਕਟ ਪੈਦਾ ਹੋ ਸਕਦਾ ਹੈ ਅਤੇ ਇਸੇ ਸੰਕਟ ਨੂੰ ਸੁਲਝਾਉਣ ਲਈ ਹਮੀਦ ਨੇ ਕਾਬੁਲ ਦਾ ਹੰਗਾਮੀ ਦੌਰਾ ਕੀਤਾ ਹੈ। ਕੁਝ ਅਫ਼ਗਾਨ ਧੜੇ ਸਾਰਿਆਂ ਨੂੰ ਨਾਲ ਲੈ ਕੇ ਚਲਣ ਵਾਲੀ ਸਰਕਾਰ ਚਾਹੁੰਦੇ ਹਨ ਅਤੇ ਪੰਜਸ਼ੀਰ ’ਚ ਜੰਗ ਪ੍ਰਤੀ ਉਤਸ਼ਾਹਿਤ ਨਹੀਂ ਹਨ। ਰੂਬਿਨ ਨੇ ਲਿਖਿਆ ਹੈ ਕਿ ਹਮੀਦ ਨੇ ਉਸ ਧੜੇ ਨਾਲ ਗੱਲਬਾਤ ਕੀਤੀ ਹੈ ਜੋ ਪੰਜਸ਼ੀਰ ’ਚ ਤਾਲਿਬਾਨ ਦਾ ਡਟ ਕੇ ਵਿਰੋਧ ਕਰ ਰਹੇ ਅਹਿਮਦ ਮਸੂਦ ਅਤੇ ਅਮਰੁੱਲ੍ਹਾ ਸਾਲੇਹ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਦਾ ਤਾਲਿਬਾਨ ’ਤੇ ਦਬਾਅ ਹੈ। ਰੂਬਿਨ ਨੇ ਕਿਹਾ ਕਿ ਹਮੀਦ ਦਾ ਸੁਫ਼ਨਾ ਅਫ਼ਗਾਨਿਸਤਾਨ ਦੇ 9.4 ਅਰਬ ਡਾਲਰ ਦੇ ਭੰਡਾਰ ’ਤੇ ਕਬਜ਼ਾ ਕਰਨਾ ਹੈ। ਉਸ ਨੇ ਕਿਹਾ ਕਿ ਅਮਰੀਕਾ ਨੂੰ ਫ਼ੈਜ਼ ਹਮੀਦ ਨੂੰ ਅਤਿਵਾਦੀ ਨਾਮਜ਼ਦ ਕਰਨਾ ਚਾਹੀਦਾ ਹੈ ਕਿਉਂਕਿ ਆਈਐੱਸਆਈ ਅਫ਼ਗਾਨਿਸਤਾਨ ’ਚ ਲੰਬੇ ਸਮੇਂ ਤੋਂ ਅਤਿਵਾਦ ਫੈਲਾਉਂਦੀ ਆਈ ਹੈ।