ਓਟਵਾ, 26 ਅਕਤੂਬਰ : ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਨਵੇਂ ਮੰਤਰੀ ਮੰਡਲ ਦਾ ਖੁਲਾਸਾ ਕਰਨਗੇ। ਇਹ ਵੀ ਕਨਸੋਆਂ ਹਨ ਕਿ ਇਸ ਵਾਰੀ ਵੱਡਾ ਫੇਰਬਦਲ ਵੇਖਣ ਨੂੰ ਮਿਲ ਸਕਦਾ ਹੈ।
ਸਵੇਰੇ 10:30 ਵਜੇ ਸ਼ੁਰੂ ਹੋਣ ਜਾ ਰਹੇ ਇਸ ਸਮਾਰੋਹ ਵਿੱਚ ਟਰੂਡੋ ਦੇ ਅੰਦਰੂਨੀ ਦਾਇਰੇ ਵਿੱਚ ਵੀ ਕੁੱਝ ਖਾਸ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਸਤੰਬਰ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਲਿਬਰਲਾਂ ਨੂੰ ਦੂਜੀ ਵਾਰੀ ਘੱਟਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਜਾਣਕਾਰ ਸੂਤਰਾਂ ਅਨੁਸਾਰ ਇਸ ਵਾਰੀ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਹੜੇ ਚੋਣਾਂ ਵਿੱਚ ਕੀਤੇ ਆਪਣੇ ਵਾਅਦੇ ਪੂਰੇ ਕਰਨ ਨੂੰ ਤਰਜੀਹ ਦੇਣਗੇ।ਇਨ੍ਹਾਂ ਚੋਣ ਵਾਅਦਿਆਂ ਵਿੱਚ ਕੋਵਿਡ-19 ਤੋਂ ਲੈ ਕੇ ਕਲਾਈਮੇਟ ਚੇਂਜ ਤੱਕ ਦੇ ਮੁੱਦੇ ਸ਼ਾਮਲ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤਾਂ ਆਪਣੇ ਅਹੁਦੇ ਉੱਤੇ ਬਣੀ ਰਹੇਗੀ ਪਰ ਹੋਰ ਸੀਨੀਅਰ ਮੰਤਰੀ ਜਿਵੇਂ ਕਿ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਚੱਲਦਾ ਕੀਤਾ ਜਾ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਿਲਟਰੀ ਵਿੱਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਸਿੱਝਣ ਲਈ ਸੱਜਣ ਨੇ ਕਥਿਤ ਤੌਰ ਉੱਤੇ ਕੁੱਝ ਨਹੀਂ ਕੀਤਾ। ਇਹ ਵੀ ਕਿਆਸਅਰਾਈਆਂ ਹਨ ਕਿ ਸੱਜਣ ਦੀ ਥਾਂ ਕੋਈ ਮਹਿਲਾ ਲੈ ਸਕਦੀ ਹੈ ਜਿਵੇਂ ਕਿ ਇਸ ਅਹੁਦੇ ਲਈ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੂੰ ਵਿਚਾਰਿਆ ਜਾ ਸਕਦਾ ਹੈ।
ਕਈ ਰਿਪੋਰਟਾਂ ਵਿੱਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਲੰਮੇਂ ਸਮੇਂ ਤੋਂ ਐਮਪੀ ਰਹੇ ਤੇ ਸਾਬਕਾ ਐਸਟ੍ਰੋਨੌਟ ਮਾਰਕ ਗਾਰਨਿਊ ਦੀ ਵੀ ਵਿਦੇਸ਼ ਮੰਤਰੀ ਵਜੋਂ ਛੁੱਟੀ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਕੈਬਨਿਟ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ। ਸਿਹਤ ਮੰਤਰੀ ਪੈਟੀ ਹਾਜ਼ਦੂ ਨੂੰ ਕੋਈ ਹੋਰ ਮੰਤਰਾਲਾ ਦਿੱਤਾ ਜਾ ਸਕਦਾ ਹੈ। ਹੈਰੀਟੇਜ ਮੰਤਰੀ ਸਟੀਵਨ ਗਿਲਬਟ ਨੂੰ ਐਨਵਾਇਰਮੈਂਟ ਮੰਤਰਾਲਾ ਮਿਲ ਸਕਦਾ ਹੈ ਤੇ ਐਨਵਾਇਰਮੈਂਟ ਮੰਤਰੀ ਜੌਨਾਥਨ ਵਿਲਕਿੰਸਨ ਨੂੰ ਨੈਚੂਰਲ ਰਿਸਰਸਿਜ਼ ਮੰਤਰਾਲਾ ਦਿੱਤਾ ਜਾ ਸਕਦਾ ਹੈ।
ਇਨ੍ਹਾਂ ਨਵੇਂ ਮੰਤਰੀਆਂ ਕੋਲ ਪਾਰਲੀਆਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੱਕ, ਭਾਵ 22 ਨਵੰਬਰ ਤੱਕ ਦਾ ਸਮਾਂ ਹੋਵੇਗਾ ਕਿ ਉਹ ਆਪੋ ਆਪਣੇ ਮੰਤਰਾਲਿਆਂ ਨਾਲ ਤਾਲਮੇਲ ਬਿਠਾ ਲੈਣ।