ਕੈਮਲੂਪਸ, 19 ਅਕਤੂਬਰ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਕੈਮਲੂਪਸ, ਬੀਸੀ ਦਾ ਦੌਰਾ ਕਰਨ ਜਾਣਗੇ। ਟੀਕੈਮਲੂਪਸ ਤੇ ਸੈਕਵੇਪੈਮਕ ਨੇਸ਼ਨ ਨੇ ਬੀਤੇ ਦਿਨੀਂ ਇੱਥੇ ਹੀ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਉੱਤੇ 200 ਦੇ ਨੇੜੇ ਤੇੜੇ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਮਿਲਣ ਦਾ ਖੁਲਾਸਾ ਕੀਤਾ ਸੀ।
ਮਈ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਇੰਡੀਜੀਨਸ ਨੇਸ਼ਨਜ਼ ਵੱਲੋਂ ਅਜਿਹੇ ਪੁਰਾਣੇ ਰਿਹਾਇਸ਼ੀ ਸਕੂਲਾਂ ਦੀਆਂ ਸਾਈਟਸ ਉੱਤੇ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਮਿਲਣ ਦਾ ਖੁਲਾਸਾ ਕੀਤਾ ਜਾ ਚੁੱਕਿਆ ਹੈ।ਇਨ੍ਹਾਂ ਕਬਰਾਂ ਦਾ ਪਤਾ ਜ਼ਮੀਨ ਦੇ ਹੇਠਾਂ ਰਡਾਰ ਤਕਨਾਲੋਜੀ ਦੀ ਵਰਤੋਂ ਕਰਕੇ ਕੀਤਾ ਗਿਆ।ਜਿ਼ਕਰਯੋਗ ਹੈ ਕਿ ਲੰਮੇਂ ਸਮੇਂ ਤੋਂ ਇੰਡੀਜੀਨਸ ਕਮਿਊਨਿਟੀਜ਼ ਇਨਸਾਫ ਦੀ ਮੰਗ ਕਰ ਰਹੀਆਂ ਹਨ।
30 ਸਤੰਬਰ ਨੂੰ ਮਨਾਏ ਗਏ ਕੈਨੇਡਾ ਦੇ ਪਹਿਲੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲਿਏਸ਼ਨ ਮੌਕੇ ਟੀਕੈਮਲੂਪਸ ਚੀਫ ਰੋਜੇ਼ਨ ਕੈਸੀਮੀਰ ਵੱਲੋਂ ਟਰੂਡੋ ਨੂੰ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ।ਪਰ ਟਰੂਡੋ ਇਸ ਸੱਦੇ ਨੂੰ ਅਸਵੀਕਾਰ ਕਰਕੇ ਇਸ ਦੀ ਥਾਂ ਪਰਿਵਾਰ ਸਮੇਤ ਬੀਸੀ ਵਿੱਚ ਹੀ ਛੁੱਟੀਆਂ ਮਨਾਉਣ ਚਲੇ ਗਏ।ਪਰ ਚੁਫੇਰਿਓਂ ਇਸ ਮਾਮਲੇ ਵਿੱਚ ਇਤਰਾਜ਼ ਉਠਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਮੰਗੀ ਗਈ ਮੁਆਫੀ ਮਗਰੋਂ ਹੀ ਉਨ੍ਹਾਂ ਵੱਲੋਂ ਸੋਮਵਾਰ ਦਾ ਇਹ ਦੌਰਾ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ।