ਜਤਿੰਦਰ ਮੋਹਨ

ਇੱਕ ਘਰ ਵਿੱਚ ਕਈ ਚਿੜੇ ਤੇ ਚਿੜੀਆਂ ਰਹਿੰਦੇ ਸਨ। ਘਰ ਦੀ ਛੱਤ ਗਾਡਰਾਂ ਤੇ ਕੜੀਆਂ (ਬੱਤੇ) ਤੇ ਟਾਈਲਾਂ ਦੀ ਬਣੀ ਹੋਈ ਸੀ। ਉਹ ਸਾਰੇ ਇਕੱਠੇ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਸਨ। ਇਨ੍ਹਾਂ ਵਿੱਚੋਂ ਦੋ ਚਿੜੀਆਂ ਅੰਜੂ ਤੇ ਮੰਜੂ ਦੀ ਆਪਸ ਵਿੱਚ ਖ਼ੂਬ ਦੋਸਤੀ ਸੀ। ਅੰਜੂ ਦਾ ਸਰੀਰ ਪਤਲਾ ਜਦੋਂਕਿ ਮੰਜੂ ਦਾ ਭਾਰੀ। ਦੋਵੇਂ ਇਕੱਠੀਆਂ ਚੋਗਾ ਚੁਗਣ ਜਾਂਦੀਆਂ। ਕਈ ਵਾਰ ਜਦੋਂ ਉਨ੍ਹਾਂ ਵਿੱਚੋਂ ਕਿਸੇ ਇੱਕ ਦੇ ਬੱਚੇ ਛੋਟੇ ਹੁੰਦੇ ਤਾਂ ਉਹ ਇੱਕ ਦੂਜੇ ਦੀ ਮਦਦ ਕਰਦੀਆਂ। ਜੇਕਰ ਅੰਜੂ ਦੇ ਬੱਚੇ ਛੋਟੇ ਹੁੰਦੇ ਤਾਂ ਮੰਜੂ ਉਸ ਨੂੰ ਆਲ੍ਹਣੇ ਵਿੱਚ ਹੀ ਦਾਣੇ ਲਿਆ ਕੇ ਦੇ ਦਿੰਦੀ। ਜੇਕਰ ਮੰਜੂ ਦੇ ਬੱਚੇ ਛੋਟੇ ਹੁੰਦੇ ਤਾਂ ਅੰਜੂ ਉਸ ਵਾਸਤੇ ਕੁਝ ਨਾ ਕੁਝ ਖਾਣ ਨੂੰ ਲਿਆਉਂਦੀ।
ਇੱਕ ਦਿਨ ਦੋਵੇਂ ਆਪਸ ਵਿੱਚ ਬੈਠ ਕੇ ਗੱਲਾਂ ਕਰਨ ਲੱਗੀਆਂ। ਅੰਜੂ ਨੇ ਮੰਜੂ ਨੂੰ ਕਿਹਾ, ‘‘ਭੈਣੇ। ਆਪਣੀ ਗਿਣਤੀ ਦਿਨੋ-ਦਿਨ ਘਟ ਰਹੀ ਹੈ।’’

‘‘ਹਾਂ! ਭੈਣੇ ਬਹੁਤ ਹੀ ਮਾੜੀ ਗੱਲ ਹੈ।’’ ਮੰਜੂ ਬੋਲੀ।

‘‘ਤੂੰ ਕੀ ਸੋਚਦੀ ਐਂ ਇਹਦੇ ਬਾਰੇ?’’

ਅੰਜੂ ਨੇ ਪੁੱਛਿਆ।

‘‘ਸੋਚਣਾ ਤਾਂ ਕੀ ਐ? ਇਹ ਤਾਂ ਦਿਸਦਾ ਈ ਐ। ਮਨੁੱਖ ਦਾ ਲਾਲਚ ਵਧ ਗਿਆ। ਇਹ ਲਾਲਚ ਦੀ ਪੂਰਤੀ ਲਈ ਆਪਣੀ ਹੈਸੀਅਤ ਵੀ ਮਿਟਾ ਸਕਦਾ ਹੈ।’’ ਮੰਜੂ ਬੋਲੀ।

‘‘ਹਾਂ, ਇਹੀ ਗੱਲ ਐ। ਇਹ ਏਸ ਪਾਸੇ ਧਿਆਨ ਹੀ ਨਹੀਂ ਦਿੰਦਾ ਬਈ ਆਪਣੀ ਗਿਣਤੀ ਘਟ ਰਹੀ ਹੈ। ਕਈ ਥਾਵਾਂ ’ਤੇ ਤਾਂ ਲਗਭਗ ਖ਼ਤਮ ਹੀ ਹੋ ਗਈ ਹੈ।’’ ਅੰਜੂ ਨੇ ਉਦਾਸ ਹੋ ਕੇ ਕਿਹਾ।

‘‘ਹੋਰ ਤਾਂ ਹੋਰ। ਇਹ ਤਾਂ ਆਪਣੇ ਪੈਰੀਂ ਵੀ ਕੁਹਾੜਾ ਮਾਰੂ। ਨਿੱਤ ਹੀ ਕੁਦਰਤ ਨਾਲ ਛੇੜਛਾੜ। ਪਰਮਾਣੂ ਬੰਬ ਬਣਾ ਲੇ। ਇਹ ਕਦੇ ਆਪਣੇ ਆਪ ਚੱਲ ਪਏ ਤਾਂ ਫੇਰ ਦੇਖੀਂ ਪਛਤਾਉਂਦਾ।’’ ਮੰਜੂ ਨੇ ਗੁੱਸੇ ਵਿੱਚ ਕਿਹਾ।

‘‘ਚੱਲ ਛੱਡ ਪਰ੍ਹਾਂ। ਕਿਉਂ ਆਪਣਾ ਬਲੱਡ ਪ੍ਰੈੱਸ਼ਰ ਵਧਾਉਂਦੀ ਐਂ। ਐਵੇਂ ਹੋਰ ਮੰਜੇ ’ਤੇ ਪੈ ਜਾਵੇਂਗੀ। ਆਪਣਾ ਕਿਹੜਾ ਕਿਸੇ ਨੇ ਇਲਾਜ ਕਰਨੈ।’’

ਅੰਜੂ ਨੇ ਕਿਹਾ।

ਫਿਰ ਉਨ੍ਹਾਂ ਨੇ ਇਸ ਗੱਲ ਤੋਂ ਆਪਣਾ ਧਿਆਨ ਹਟਾਉਣ ਲਈ ਹੋਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹ ਆਪਣੇ ਸਾਥੀਆਂ (ਚਿੜੇ -ਚਿੜੀਆਂ) ਦੀਆਂ ਗੱਲਾਂ ਕਰਨ ਲੱਗੀਆਂ

‘‘ਦੇਖ ਭੈਣੇ, ਸੋਨੂੰ ਕਿੱਡਾ ਹੁਸ਼ਿਆਰ ਐ?’’ ਮਿੰਟਾਂ ਵਿੱਚ ਈ ਆਲ੍ਹਣਾ ਤਿਆਰ ਕਰ ਲੈਂਦੈ। ਭੱਜ ਭੱਜ ਕੇ ਲਿਆਉਂਦੈ ਘਾਹ ਫੂਸ।’’

‘‘ਹਾਂ, ਪਰ ਮੋਨੂੰ ਤਾਂ ਦਾਣੇ ਵੀ ਮਿੰਦੋ ਤੋਂ ਮੰਗਵਾਊ। ਕਦੇ ਕੋਈ ਕੰਮ ਨਹੀਂ ਕਰਦਾ।’’

‘‘ਹਾਂ! ਭੈਣੇ ਕਿਸਮਤ ਦੀਆਂ ਖੇਡਾਂ ਨੇ।’’ ਕਹਿ ਕੇ ਦੋਵੇਂ ਆਪਣਾ ਮੂਡ ਬਦਲਣ ਲਈ ਉੱਡਣ ਲੱਗੀਆਂ। ਉਹ ਕਦੇ ਇੱਧਰ ਉਡਾਰੀ ਮਾਰਦੀਆਂ ਤੇ ਕਦੇ ਉੱਧਰ। ਫਿਰ ਉਹ ਘਰ ਆ ਗਈਆਂ। ਗਰਮੀ ਬਹੁਤ ਸੀ। ਉਹ ਘਰ ਦੇ ਬਾਹਰ ਪਈ ਮਿੱਟੀ ਵਿੱਚ ਨਹਾਉਣ ਲੱਗੀਆਂ। ਦੋਵਾਂ ਨੂੰ ਨਹਾਉਂਦੇ ਦੇਖ ਕੇ ਘਰ ਦੀ ਮਾਲਕਣ ਰੀਤੂ ਨੇ ਕਿਹਾ, ‘‘ਲੱਗਦੈ, ਅੱਜ ਤਾਂ ਮੀਂਹ ਆਊ।’’

‘‘ਕਿਵੇਂ ਮੰਮੀ?’’ ਮਨਮੋਹਨ ਨੇ ਆਪਣੀ ਮੰਮੀ ਨੂੰ ਪੁੱਛਿਆ।

‘‘ਚਿੜੀਆਂ ਮਿੱਟੀ ਵਿੱਚ ਨਹਾਉਂਦੀਆਂ ਨੇ।’’

‘‘ਅੱਛਾ, ਇਹਦੇ ਨਾਲ ਵੀ ਆ ਜਾਂਦੈ।’’

‘‘ਪੁਰਾਣੇ ਵਿਸ਼ਵਾਸ ਨੇ ਬੇਟੇ। ਕਈ ਵਾਰ ਗੱਲ ਸੱਚੀ ਹੋ ਜਾਂਦੀ ਹੈ।’’

ਚਿੜੀਆਂ ਨੂੰ ਗੱਲ ਸੁਣ ਗਈ। ਉਨ੍ਹਾਂ ਨੂੰ ਗੱਲ ਸੁਣ ਕੇ ਬਹੁਤ ਖ਼ੁਸ਼ੀ ਹੋਈ। ਉਹ ਖ਼ੁਸ਼ੀ ਵਿੱਚ ਸ਼ਰਾਰਤਾਂ ਕਰਨ ਲੱਗੀਆਂ। ਉਹ ਇੱਕ ਦੂਜੀ ਨਾਲ ਘੁਲਦੀਆਂ ਜਾਂ ਫਿਰ ਸ਼ਰਾਰਤ ਕਰਕੇ ਇੱਕ ਦੂਜੀ ਨੂੰ ਛੇੜ ਕੇ ਭੱਜਦੀਆਂ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਫੜਨ ਫੜਾਈ ਖੇਡ ਰਹੀਆਂ ਹੋਣ। ਇਸ ਤਰ੍ਹਾਂ ਕਰਦੇ ਕਰਦੇ ਮੰਜੂ ਇੱਕ ਪਾਈਪ ਵਿੱਚ ਡਿੱਗ ਪਈ। ਇਹ ਪਾਈਪ ਲੰਮੀ ਖੜ੍ਹੀ ਕੀਤੀ ਹੋਈ ਸੀ। ਮੰਜੂ ਨੇ ਆਪਣੇ ਆਪ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਿਕਲ ਨਾ ਸਕੀ। ਇੰਨੀ ਉੱਚੀ ਉਡਾਰੀ ਉਸ ਦੇ ਵਸ ਵਿੱਚ ਨਹੀਂ ਸੀ। ਅੰਜੂ ਉਦਾਸ ਹੋ ਗਈ ਤੇ ਮੰਜੂ ਰੋਣ ਲੱਗ ਪਈ।

‘‘ਰੋ ਨਾ ਮੰਜੂ। ਮੈਂ ਕੋਈ ਇੰਤਜ਼ਾਮ ਕਰਦੀ ਹਾਂ।’’ ਅੰਜੂ ਨੇ ਮੰਜੂ ਨੂੰ ਹੌਸਲਾ ਦਿੱਤਾ। ਇਹ ਕਹਿ ਕੇ ਉਹ ਕੋਈ ਪਤਲੀ ਰੱਸੀ ਜਾਂ ਕੋਈ ਮਜ਼ਬੂਤ ਧਾਗਾ ਲੱਭਣ ਚਲੀ ਗਈ। ਘਰ ਦੇ ਬਾਹਰ ਇੱਕ ਪਾਸੇ ਕਬਾੜ ਪਿਆ ਸੀ। ਉਸ ਵਿੱਚ ਹੋਰ ਸਾਮਾਨ ਤੋਂ ਇਲਾਵਾ ਮੰਜੇ ਦੇ ਸੂਤ ਦੀਆਂ ਰੱਸੀਆਂ ਵੀ ਸਨ। ਉਨ੍ਹਾਂ ਵਿੱਚੋਂ ਉਸ ਨੇ ਇੱਕ ਲੰਮੀ ਰੱਸੀ ਆਪਣੀ ਚੁੰਝ ਨਾਲ ਕੱਢੀ ਤੇ ਇੱਕ ਸਿਰੇ ਤੋਂ ਫੜ ਕੇ ਲੈ ਆਈ। ਉਸ ਨੇ ਪਾਈਪ ’ਤੇ ਬੈਠ ਕੇ ਇੱਕ ਸਿਰਾ ਪਾਈਪ ਦੇ ਅੰਦਰ ਸੁੱਟ ਦਿੱਤਾ ਤਾਂ ਕਿ ਉਸ ਨੂੰ ਮੰਜੂ ਮੂੰਹ ਵਿੱਚ ਪਾ ਲਵੇ। ਇੱਕ ਸਿਰੇ ਨੂੰ ਉਸ ਨੇ ਆਪਣੇ ਮੂੰਹ ਵਿੱਚ ਫੜ ਲਿਆ। ਦੋਵਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਈਆਂ ਕਿਉਂਕਿ ਮੰਜੂ ਭਾਰੀ ਸੀ।

ਅੰਜੂ ਉਦਾਸ ਹੋ ਗਈ। ਦਿਨ ਛਿਪ ਰਿਹਾ ਸੀ। ਪੰਛੀ ਆਪਣੇ ਆਲ੍ਹਣਿਆਂ ਨੂੰ ਜਾ ਰਹੇ ਸਨ। ਉੱਧਰ ਅੰਜੂ ਤੇ ਮੰਜੂ ਨੂੰ ਆਪਣੇ ਆਲ੍ਹਣਿਆਂ ਵਿੱਚ ਨਾ ਦੇਖ ਕੇ ਦੂਜਿਆਂ ਨੂੰ ਚਿੰਤਾ ਹੋ ਗਈ। ਉਹ ਦੋਵਾਂ ਦੀ ਭਾਲ ਕਰਨ ਲੱਗੇ। ਆਖਿਰ ਪਾਈਪ ’ਤੇ ਬੈਠੀ ਅੰਜੂ ਨੂੰ ਦੇਖ ਕੇ ਸੋਨੂੰ ਨੇ ਪੁੱਛਿਆ, ‘‘ਅੰਜੂ ਕੀ ਗੱਲ ਹੋ ਗਈ?’’

‘‘ਮੰਜੂ ਪਾਈਪ ਵਿੱਚ ਫਸ ਗਈ।’’

‘‘ਆਉ, ਸਾਰੇ ਰਲ ਕੇ ਹੰਭਲਾ ਮਾਰੀਏ ਤੇ ਮੰਜੂ ਨੂੰ ਬਾਹਰ ਕੱਢੀਏ।’’ ਸਾਰਿਆਂ ਨੇ ਰਲ ਕੇ ਰੱਸੀ ਨੂੰ ਖਿੱਚਿਆ ਤੇ ਮੰਜੂ ਬਾਹਰ ਆ ਗਈ। ਸਾਰੇ ਚਿੜੇ ਚਿੜੀਆਂ ਖ਼ੁਸ਼ ਸਨ। ਘਰ ਦਾ ਮਾਲਕ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਸੀ ਕਿ ਪੰਛੀਆਂ ਵਿੱਚ ਅਜੇ ਵੀ ਏਕਤਾ ਹੈ, ਪਰ ਮਨੁੱਖ ਏਕਤਾ ਤੋਂ ਦੂਰ ਹੈ।