ਗੁਹਾਟੀ, 22 ਜੂਨ

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੁਇਆਂ ਸਰਮਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਆਗੂ ਮਨੀਸ਼ ਸਿਸੋਦੀਆ ’ਤੇ 100 ਕਰੋੜ ਰੁਪਏ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਸਿਸੋਦੀਆ ਨੇ ਸਰਮਾ ਉਤੇ ਪੀਪੀਈ ਕਿੱਟਾਂ ਦੀ ਖ਼ਰੀਦ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਜ਼ਿਕਰਯੋਗ ਹੈ ਕਿ ਸਿਸੋਦੀਆ ਨੇ 4 ਜੂਨ ਨੂੰ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਅਸਾਮ ਦੇ ਮੁੱਖ ਮੰਤਰੀ ਨੇ ਬਾਜ਼ਾਰੀ ਮੁੱਲ ਤੋਂ ਉਤੇ ਪੀਪੀਈ ਕਿੱਟਾਂ ਖ਼ਰੀਦਣ ਦਾ ਠੇਕਾ ਦਿੱਤਾ ਸੀ। ਮੁੱਖ ਮੰਤਰੀ ਦੀ ਪਤਨੀ ਨੇ ਕਿਹਾ ਹੈ ਕਿ ਸਿਸੋਦੀਆ ਦੇ ਬਿਆਨਾਂ ਨਾਲ ‘ਉਨ੍ਹਾਂ ਦੀ ਸਾਖ਼ ਤੇ ਅਹੁਦੇ ਨੂੰ ਸੱਟ ਵੱਜੀ ਹੈ’।