ਦਰਾਸ, 29 ਜੁਲਾਈ

ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਫਿਲਮ ‘ਸ਼ੇਰਸ਼ਾਹ’ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਅਸਲ ਵਿਅਕਤੀ ਦਾ ਕਿਰਦਾਰ ਨਿਭਾਉਣਾ ਅਤੇ ਉਸ ਦੀ ਸ਼ਖ਼ਸੀਅਤ ਨੂੰ ਹੂ-ਬ-ਹੂ ਪੇਸ਼ ਕਰਨ ਦੀ ਕਸੌਟੀ ’ਤੇ ਖਰੇ ਉੱਤਰਨਾ ਇੱਕ ਚੁਣੌਤੀ ਹੈ। ਅਦਾਕਾਰਾ ਨੇ ਫਿਲਮ ‘ਸ਼ੇਰਸ਼ਾਹ’ ਵਿੱਚ ਕਾਰਗਿਲ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਪਤਨੀ ਡਿੰਪਲ ਚੀਮਾ ਦੀ ਭੂਮਿਕਾ ਨਿਭਾਈ ਹੈ। ਕਿਆਰਾ ਨੇ ਦੱਸਿਆ ਕਿ ਇਹ ਭੂਮਿਕਾ ਨਿਭਾਉਣ ਲਈ ਉਸ ਨੂੰ ਪਹਿਲਾਂ ਡਿੰਪਲ ਨੂੰ ਸਮਝਣਾ ਪਿਆ। ਕਿਆਰਾ ਨੇ ਦੱਸਿਆ, ‘‘ਮੈਨੂੰ ਡਿੰਪਲ ਚੀਮਾ ਨੂੰ ਮਿਲਣ ਅਤੇ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਜ਼ਰੀਏ ਮੈਂ ਉਸ ਨੂੰ ਸਮਝਣ ਅਤੇ ਕੈਪਟਨ ਬੱਤਰਾ ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਜਾਣ ਸਕੀ, ਜੋ ਉਨ੍ਹਾਂ ਮੇਰੇ ਨਾਲ ਸਾਂਝੀ ਕੀਤੀ। ਮੈਂ ਕੈਪਟਨ ਨਾਲ ਉਸ ਦਾ ਸਫ਼ਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।’’ ਕਿਆਰਾ ਨੇ ਫਿਲਮ ਵਿੱਚ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ, ‘‘ਇੱਕ ਅਸਲ ਜ਼ਿੰਦਗੀ ਅਤੇ ਅਸਲ ਕਹਾਣੀ ਨੂੰ ਦਰਸਾਉਣਾ ਹਮੇਸ਼ਾ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈ ਅਤੇ ਅਸੀਂ ਇਸ ਫਿਲਮ ’ਤੇ ਕੰਮ ਕਰਦਿਆਂ ਇਸ ਨੂੰ ਧਿਆਨ ਵਿੱਚ ਰੱਖਿਆ। ਕਿਰਦਾਰ ਨਿਭਾਉਂਦਿਆਂ ਘਬਰਾਹਟ ਮਹਿਸੂਸ ਹੋਈ ਸੀ ਪਰ ਮਾਣ ਵੀ ਹੋਇਆ।’’