ਨਵੀਂ ਦਿੱਲੀ, 28 ਸਤੰਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਅਕਤੂਬਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਤਿੰਨ ਰੋਜ਼ਾ ਦੌਰੇ ’ਤੇ ਜਾਣਗੇ। ਸ਼ਾਹ ਆਪਣੇ ਦੌਰੇ ਦੌਰਾਨ 3 ਅਕਤੂਬਰ ਦੀ ਰਾਤ ਨੂੰ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਉਹ ਚਾਰ ਅਕਤੂਬਰ ਨੂੰ ਸਵੇਰੇ ਮਾਤਾ ਵੈਸ਼ਣੋ ਦੇਵੀ ਮੰਦਰ ਵਿੱਚ ਪੂਜਾ ਕਰਨਗੇ। ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸ਼ਾਹ ਪਹਿਲੀ ਵਾਰ ਇਸ ਪਾਵਨ ਸਥਾਨ ’ਤੇ ਜਾਣਗੇ। ਫਿਰ ਉਹ ਰਾਜੌਰੀ ਵਿੱਚ ਰੈਲੀ ਕਰਨਗੇ। ਉਨ੍ਹਾਂ ਦਾ ਜੰਮੂ ਵਿੱਚ ਰਘੂਨਾਥ ਮੰਦਰ ਵਿੱਚ ਪੂਜਾ ਕਰਨ ਦਾ ਪ੍ਰੋਗਰਾਮ ਵੀ ਹੈ। ਉਹ ਪੰਜ ਅਕਤੂਬਰ ਨੂੰ ਬਾਰਾਮੁੱਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।