ਵਾਸ਼ਿੰਗਟਨ/ਟੋਰਾਂਟੋ, 13 ਫਰਵਰੀ

ਅਮਰੀਕੀ ਲੜਾਕੂ ਜਹਾਜ਼ ਐੱਫ-22 ਨੇ ਕੈਨੇਡਾ ਦੇ ਹਵਾਈ ਖੇਤਰ ਵਿੱਚ ਇੱਕ ਅਣਪਛਾਤੀ ਗੋਲਾਕਾਰ ਵਸਤੂ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਅਲਾਸਕਾ ਦੇ ਜਲ ਖੇਤਰ ’ਤੇ ਉੱਡਦੀ ਇੱਕ ਅਣਪਛਾਤੀ ਵਸਤੂ ਅਤੇ ਹਫਤਾ ਪਹਿਲਾਂ ਸਾਊਥ ਕੈਰੋਲੀਨਾ ਤੱਟ ਨੇੜੇ ਸ਼ੱਕੀ ਚੀਨੀ ਜਾਸੂਸੀ ਗੁਬਾਰੇ ਨੂੰ ਫੁੰਡਿਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਇਸ ਅਣਪਛਾਤੀ ਵਸਤੂ ਨੂੰ ਸ਼ਨਿੱਚਰਵਾਰ ਨੂੰ ਉੱਤਰ-ਪੱਛਮੀ ਕੈਨੇਡਾ ਦੇ ਯੁਕੋਨ ਖੇਤਰ ਵਿੱਚ ਨਸ਼ਟ ਕੀਤਾ ਗਿਆ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਦੱਸਿਆ ਕਿ ਇਹ ਵਸਤੂ ਇੱਕ ਰਾਤ ਪਹਿਲਾਂ ਅਲਾਸਕਾ ਵਿੱਚ ਦੇਖੀ ਗਈ ਸੀ ਅਤੇ ਫੌਜੀ ਅਧਿਕਾਰੀ ਬਾਰੀਕੀ ਨਾਲ ਇਸ ’ਤੇ ਨਜ਼ਰ ਰੱਖ ਰਹੇ ਸਨ। ਅਮਰੀਕਾ ਦੇ ਰਾਸ਼ਟਰਪਤੀ ਦੀ ਅਧਿਕਾਰਿਤ ਰਿਹਾਇਸ਼ ਅਤੇ ਦਫ਼ਤਰ ਵ੍ਹਾਈਟ ਹਾਊਸ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਮਗਰੋਂ ਇਸ ਸਬੰਧੀ ਫ਼ੈਸਲਾ ਲਿਆ ਗਿਆ।ਟਰੂਡੋ ਨੇ ਕਿਹਾ, ‘‘ਮੈਂ ਕੈਨੇਡਾ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੀ ਇੱਕ ਅਣਪਛਾਤੀ ਵਸਤੂ ਨੂੰ ਨਸ਼ਟ ਕਰਨ ਦਾ ਆਦੇਸ਼ ਦਿੱਤਾ ਸੀ। ਐੱਨਓਆਰਏਡੀ (ਨਾਰਥ ਅਮਰੀਕਨ ਏਅਰੋਸਪੇਸ ਡਿਫੈਂਸ ਕਮਾਂਡ) ਨੇ ਯੂਕੋਨ ਵਿੱਚ ਇੱਕ ਵਸਤੂ ਨੂੰ ਡੇਗਿਆ ਹੈ।’’ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਲਗਪਗ 40,000 ਫੁੱਟ ਉਚਾਈ ’ਤੇ ਉੱਡ ਰਹੀ ਵਸਤੂ ‘ਗੋਲਾਕਾਰ’ ਸੀ।