ਨਿਊਯਾਰਕ, 29 ਸਤੰਬਰ

ਅਮਰੀਕਾ ਵਿੱਚ ਊਬਰ ਹਾਈਟਸ ਲਈ ਡਿਲਿਵਰੀ ਦਾ ਕੰਮ ਕਰਨ ਵਾਲੇ ਇਕ ਭਾਰਤੀ-ਅਮਰੀਕੀ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਗਿਆ। ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ 100 ਤੋਂ ਜ਼ਿਆਦਾ ਵਾਰ ਗ੍ਰਿਫ਼ਤਾਰ ਹੋ ਚੁੱਕਾ ਹੈ। ‘ਨਿਊਯਾਰਕ ਪੋਸਟ’ ਦੀ ਖ਼ਬਰ ਅਨੁਸਾਰ ਮੰਗਲਵਾਰ ਨੂੰ ਨਿਊਯਾਰਕ ਦੇ ਲੋਅਰ ਈਸਟ ਸਾਈਡ ਵਿਖੇ ਭਰਤਭਾਈ ਪਟੇਲ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਪੀੜਤ ਨੇ ਅਖਬਾਰ ਨੂੰ ਦੱਸਿਆ ਕਿ ਮੁਲਜ਼ਮ ਨੇ ਬਿਨਾਂ ਕੁਝ ਕਹੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਆਸ-ਖੜ੍ਹੇ ਲੋਕਾਂ ਨੇ ਕੁਝ ਨਹੀਂ ਕੀਤਾ। ਪਟੇਲ ਨੇ ਕਿਹਾ ਕਿ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਪੀੜਤ 36 ਵਰ੍ਹਿਆਂ ਦਾ ਹੈ ਅਤੇ ਇਕ ਛੇ ਸਾਲਾ ਬੱਚੇ ਦਾ ਪਿਤਾ ਹੈ। ਹਮਲਾਵਰ ਦੀ ਪਛਾਣ ਸਿਆਨ ਕੂਪਰ ਵਜੋਂ ਹੋਈ ਹੈ। ਪੁਲੀਸ ਨੇ ਬਾਅਦ ਵਿੱਚ 47 ਸਾਲਾ ਕੂਪਰ ਨੂੰ ਗ੍ਰਿਫ਼ਤਾਰ ਕਰ ਲਿਆ।