ਲੰਡਨ, 16 ਅਗਸਤ

ਪਾਕਿਸਤਾਨੀ ਕਾਰਕੁਨ ਤੇ ਸਭ ਤੋਂ ਛੋਟੀ ਉਮਰ ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਮਲਾਲਾ ਯੂਸੁਫ਼ਜ਼ਈ ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ’ਤੇ ਮੁੜ ਕਾਬਜ਼ ਹੋਣ ਤੋਂ ਨਾ ਸਿਰਫ਼ ਹੈਰਾਨ ਹੈ, ਬਲਕਿ ਉਹ ਜੰਗ ਦੇ ਝੰਬੇ ਮੁਲਕ ਵਿੱਚ ਰਹਿ ਰਹੀਆਂ ਔਰਤਾਂ, ਘੱਟਗਿਣਤੀਆਂ ਤੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਕਾਰਕੁਨਾਂ ਨੂੰ ਲੈ ਕੇ ਵੱਡੀ ਫਿਕਰਮੰਦ ਹੈ। ਇਸ ਵੇਲੇ ਯੂਕੇ ਵਿੱਚ ਰਹਿ ਰਹੀ ਮਲਾਲਾ ਨੇ ਇਕ ਟਵੀਟ ਵਿੱਚ ਕਿਹਾ ਕਿ ‘ਆਲਮੀ, ਖੇਤਰੀ ਤੇ ਸਥਾਨਕ ਤਾਕਤਾਂ ਨੂੰ ਫੌਰੀ ਗੋਲੀਬੰਦੀ ਦਾ ਸੱਦਾ ਦਿੰਦਿਆਂ ਮਨੁੱਖਾਂ ਨੂੰ ਇਮਦਾਦ ਦੇ ਨਾਲ ਸ਼ਰਨਾਰਥੀਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਦਸੰਬਰ 2012 ਵਿੱਚ ਮੁਕਾਮੀ ਤਾਲਿਬਾਨੀ ਦਹਿਸ਼ਤਗਰਦਾਂ ਨੇ ਉੱਤਰਪੂਰਬੀ ਪਾਕਿਸਤਾਨ ਦੀ ਸਵਾਤ ਵਾਦੀ ਵਿੱਚ ਮਲਾਲਾ ਦੀ ਮਹਿਲਾਵਾਂ ਲਈ ਸਿੱਖਿਆ ਕੰਪੇਨ ਦਾ ਵਿਰੋਧ ਕਰਦਿਆਂ ਉਸ ਨੂੰ ਗੋਲੀ ਮਾਰ ਦਿੱਤੀ ਸੀ। ਮਲਾਲਾ ਨੂੰ ਮਗਰੋਂ ਜ਼ਖ਼ਮੀ ਹਾਲਤ ਵਿੱਚ ਯੂਕੇ ਲਿਜਾ ਕੇ ਉਸ ਦਾ ਇਲਾਜ ਕਰਵਾਇਆ ਗਿਆ ਸੀ। ਤਾਲਿਬਾਨ ਨੇ ਮਗਰੋਂ ਫ਼ਤਵਾ ਜਾਰੀ ਕੀਤਾ ਸੀ ਕਿ ਜੇਕਰ ਮਲਾਲਾ ਬਚ ਗਈ ਤਾਂ ਉਹ ਉਸ ਨੂੰ ਮੁੜ ਨਿਸ਼ਾਨਾ ਬਣਾਉਣਗੇ।