ਸ੍ਰੀਨਗਰ, 19 ਸਤੰਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਗਡੋਲੇ ਇਲਾਕੇ ਦੇ ਜੰਗਲਾਂ ’ਚ ਲੁਕੇ ਅਤਿਵਾਦੀਆਂ ਖ਼ਿਲਾਫ਼ ਫ਼ੌਜ ਦੀ ਮੁਹਿੰਮ ਛੇਵੇਂ ਦਿਨ ਵਿਚ ਦਾਖਲ ਹੋ ਗਈ ਹੈ। ਸੁਰੱਖਿਆ ਬਲ ਅਤਿਵਾਦੀਆਂ ਦੀ ਲੁਕਣਗਾਹ ਨੂੰ ਲੱਭਣ ਲਈ ਡਰੋਨਾਂ ਦੀ ਵਰਤੋਂ ਕਰ ਰਹੇ ਹਨ ਤਾਂ ਕਿ ਸਿੱਧਾ ਹੱਲਾ ਬੋਲਿਆ ਜਾ ਸਕੇ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੁਕਾਬਲੇ ਵਿਚ ਸ਼ਹੀਦ ਹੋਣ ਵਾਲੇ ਤਿੰਨਾਂ ਫੌਜੀ ਅਧਿਕਾਰੀਆਂ ਦੀ ਮੌਤ ਦਾ ਬਦਲਾ ਲੈਣ ਦਾ ਅਹਿਦ ਕੀਤਾ ਹੈ। ਇੱਥੇ ਮੌਜੂਦ ਅਧਿਕਾਰੀਆਂ ਮੁਤਾਬਕ ਡਰੋਨ ਫੁਟੇਜ ਵਿਚ ਅਤਿਵਾਦੀਆਂ ਦੀ ਇਕ ਲੁਕਣਗਾਹ ਨੇੜੇ ਸੜੀ ਹੋਈ ਦੇਹ ਨਜ਼ਰ ਆਈ ਹੈ, ਜਦਕਿ ਬਾਅਦ ਵਿਚ ਸੁਰੱਖਿਆ ਬਲਾਂ ਨੇ ਦੋ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਵਿਚੋਂ ਇਕ ਸੈਨਿਕ ਦੀ ਹੈ ਜੋ ਬੁੱਧਵਾਰ ਅਤਿਵਾਦੀਆਂ ਨਾਲ ਮੁਕਾਬਲੇ ਮਗਰੋਂ ਲਾਪਤਾ ਸੀ। ਉਸ ਦੀ ਸ਼ਨਾਖਤ ਪ੍ਰਦੀਪ ਵਜੋਂ ਹੋਈ ਹੈ ਜੋ ਮੁਕਾਬਲੇ ਦੇ ਪਹਿਲੇ ਦਿਨ ਤੋਂ ਹੀ ਲਾਪਤਾ ਸੀ। ਦੂਜੀ ਦੇਹ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ। ਇਸੇ ਦੌਰਾਨ ਅੱਜ ਇਕ ਅਤਿਵਾਦੀ ਨੇ ਸ੍ਰੀਨਗਰ ਦੇ ਖਾਨਿਆਰ ਇਲਾਕੇ ਵਿਚ ਸੀਆਰਪੀਐਫ ਦੇ ਵਾਹਨ ਉਤੇ ਗੋਲੀਬਾਰੀ ਕੀਤੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਲੁਕਣਗਾਹ ਨੂੰ ਪਿਛਲੇ ਪੰਜ ਦਿਨਾਂ ਦੌਰਾਨ ਜਾਰੀ ਅਪਰੇਸ਼ਨ ਦੌਰਾਨ ਤਬਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਛਾਣਨ ਤੋਂ ਬਾਅਦ ਹੀ ਦਿੱਤੀ ਜਾ ਸਕੇਗੀ। ਮੁਕਾਬਲੇ ਵਿਚ ਦੋ ਫ਼ੌਜੀ ਅਫਸਰਾਂ ਤੇ ਇਕ ਡੀਐੱਸਪੀ ਦੀ ਮੌਤ ਹੋ ਗਈ ਸੀ। ਏਡੀਜੀਪੀ (ਕਸ਼ਮੀਰ) ਵਿਜੇ ਕੁਮਾਰ ਨੇ ਦੱਸਿਆ ਕਿ ਇਹ ਅਪਰੇਸ਼ਨ ਖਾਸ ਖ਼ੁਫੀਆ ਜਾਣਕਾਰੀ ਦੇ ਅਧਾਰ ਉਤੇ ਚੱਲ ਰਿਹਾ ਹੈ। ਇਸੇ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਅੱਜ ਮੁਕਾਬਲੇ ਵਿਚ ਪਿਛਲੇ ਹਫ਼ਤੇ ਸ਼ਹੀਦ ਹੋਏ ਡੀਐੱਸਪੀ ਹਮਾਯੂੰ ਭੱਟ ਦੇ ਘਰ ਗਏ ਤੇ ਪਰਿਵਾਰ ਨੂੰ ਹਰ ਸਹਾਇਤਾ ਦਾ ਭਰੋਸਾ ਦਿੱਤਾ।