ਜੰਗਲ ਵਿਚ ਇਨਸਾਨ ਦਾ ਆਉਣਾ ਜਾਣਾ ਬੰਦ ਹੋ ਗਿਆ ਸੀ। ਜਾਨਵਰ ਬੜੇ ਹੈਰਾਨ ਸਨ। ਜਾਨਵਰਾਂ ਨੇ ਇਕ ਸਭਾ ਬੁਲਾ ਕੇ ਵਿਚਾਰ ਕੀਤਾ ਕਿ ਜੰਗਲ ਵਿਚ ਮਨੁੱਖ ਹੁਣ ਕਿਉਂ ਨਹੀਂ ਆਉਂਦਾ? ਸਭਾਪਤੀ ਰੰਗੀਲੇ ਬਘਿਆੜ ਨੇ ਚਿੰਤਾ ਕਰਦਿਆਂ ਕਿਹਾ, ‘‘ਕਈ ਮਹੀਨੇ ਬੀਤ ਗਏ। ਕਿੱਥੇ ਗੁਆਚ ਗਿਆ ਬੰਦਾ? ਜੰਗਲ ਵਿਚ ਕਦੀ ਦਿਖਾਈ ਹੀ ਨਹੀਂ ਦਿੱਤਾ। ਉਹ ਤਾਂ ਇੱਥੇ ਬੰਦੂਕਾਂ ਚੁੱਕੀ ਫਿਰਦਾ ਹੁੰਦਾ ਸੀ। ਜਾਨਵਰਾਂ ਨੂੰ ਭਾਲਦਾ। ਇਸ ਸਮੇਂ ਇਨਸਾਨ ਜ਼ਰੂਰ ਕਿਸੇ ਵੱਡੇ ਸੰਕਟ ਵਿਚ ਹੈ। ਸਾਡੇ ਨਾਲ ਚਾਹੇ ਉਸ ਨੇ ਜਿੰਨਾ ਮਰਜ਼ੀ ਬੁਰਾ ਕੀਤਾ ਹੋਵੇ, ਸਾਨੂੰ ਉਸ ਦੀ ਖ਼ਬਰ ਸਾਰ ਹਰ ਹਾਲਤ ਵਿਚ ਲੈਣੀ ਚਾਹੀਦੀ ਹੈ। ਆਪਾਂ ਰਲ ਕੇ ਉਸ ਦੀ ਖ਼ੈਰ ਸੁੱਖ ਜਾਨਣ ਦੀ ਕੋਈ ਤਰਕੀਬ ਸੋਚੀਏ। ਰੰਗੀਲੇ ਬਘਿਆੜ ਨੇ ਹੋਰ ਜਾਨਵਰਾਂ ਤੋਂ ਇਸ ਬਾਰੇ ਸੁਝਾਅ ਮੰਗੇ।

ਜਾਨਵਰ ਤਾਂ ਜਿਵੇਂ ਭਰੇ ਪੀਤੇ ਪਏ ਸਨ। ਲੱਗੇ ਇਕ ਇਕ ਕਰਕੇ ਬੋਲਣ। ਇਨਸਾਨ ’ਤੇ ਗੁੱਸਾ ਕੱਢਦਿਆਂ ਭੂਰਾ ਭਾਲੂ ਬੋਲਿਆ, ‘‘ਆਪਣੀ ਕੀਤੀ ਦਾ ਫ਼ਲ ਭੁਗਤ ਰਿਹਾ ਹੈ ਬੰਦਾ। ਮੈਂ ਤਾਂ ਘੁੰਗਰੂ ਪਾ ਕੇ ਨੱਚਦਾ ਹੁੰਦਾ ਸੀ। ਮਸਾਂ ਛੁੱਟ ਕੇ ਆਇਆਂ।”

“ਸਾਨੂੰ ਪਿੰਜਰਿਆਂ ਵਿਚ ਕੈਦ ਕਰਕੇ ਵੇਚਦਾ ਹੁੰਦਾ ਸੀ। ਵਪਾਰੀ ਇਨਸਾਨ।” ਤੋਤਾ ਬੋਲਿਆ। “ਮੇਰੇ ਹਿੱਸੇ ਦਾ ਦੁੱਧ ਬੰਦਾ ਆਪ ਪੀਂਦਾ ਰਿਹਾ। ਮੈਨੂੰ ਬੀਆਬਾਨ ਵਿਚ ਛੱਡ ਗਿਆ। ਕਹਿੰਦਾ ਇਹ ਕੱਪੜੇ ਚੱਬਦਾ।” ਇਕ ਦੁਖੀ ਬੱਛਾ ਬੋਲਿਆ। “ਟੋਭਿਆਂ ਵਿਚ ਖੇਤਾਂ ਤੋਂ ਆਈ ਜ਼ਹਿਰ ਨਾਲ ਡੱਡੂ ਮਰ ਰਹੇ ਹਨ, ਕੱਛੂਕੁੰਮੇ ਮਰ ਰਹੇ ਹਨ।” ਇਕ ਦੁਖੀ ਮਗਰਮੱਛ ਨੇ ਆਪਣਾ ਦੁੱਖ ਸਾਂਝਾ ਕੀਤਾ। “ਸਾਡੀਆਂ ਕਿੰਨੀਆਂ ਹੀ ਪਰਜਾਤੀਆਂ ਧਰਤੀ ਤੋਂ ਅਲੋਪ ਹੀ ਹੋ ਗਈਆਂ।” ਇਕ ਬਾਂਦਰ ਬੋਲਿਆ। ਜਾਨਵਰਾਂ ਨੇ ਮਨੁੱਖ ਬਾਰੇ ਬੜਾ ਕੁਝ ਬੁਰਾ ਭਲਾ ਬੋਲਿਆ। ਸਭ ਨੂੰ ਸ਼ਾਂਤ ਕਰਦਾ ਰੰਗੀਲਾ ਬਘਿਆੜ ਬੋਲਿਆ, ‘‘ਮੈਨੂੰ ਸਭ ਪਤਾ ਹੈ ਕਿ ਮਨੁੱਖ ਸੌਦੇਬਾਜ਼ ਹੈ, ਜ਼ਾਲਮ ਹੈ, ਬੇਰਹਿਮ ਹੈ, ਪਰ ਫਿਰ ਵੀ ਉਸ ਨਾਲ ਸਾਡੀ ਥੋੜ੍ਹੀ ਬਹੁਤ ਨੇੜਤਾ ਤਾਂ ਰਹੀ ਹੀ ਹੈ। ਆਪਾਂ ਚੰਗੇ ਹਾਂ, ਚੰਗੇ ਹੀ ਬਣੇ ਰਹੀਏ। ਹੁਣ ਉਸ ਦੀ ਖ਼ਬਰ ਲੈਣ ਦਾ ਕੋਈ ਰਾਹ ਲੱਭੋ।”

ਰੰਗੀਲੇ ਬਘਿਆੜ ਨੇ ਖ਼ੁਦ ਹੀ ਇਕ ਟੋਲੀ ਬਣਾਉਣ ਦੀ ਸਲਾਹ ਦਿੱਤੀ। ਇਸ ਵਿਚ ਵੱਖ ਵੱਖ ਪਰਜਾਤੀ ਦੇ ਜਾਨਵਰ ਰੱਖੇ ਗਏ। ਰੰਗੀਲਾ ਬਘਿਆੜ, ਬਲਦ, ਬਿੱਲੀ, ਕੁੱਤਾ, ਬਾਂਦਰ, ਬਾਰਾਂਸਿੰਗਾ ਆਦਿ ਉਸ ਟੋਲੀ ਵਿਚ ਰੱਖੇ ਗਏ ਸਨ। ਟੋਲੀ ਦੀ ਅਗਵਾਈ ਰੰਗੀਲੇ ਬਘਿਆੜ ਨੇ ਖ਼ੁਦ ਕਰਨੀ ਸੀ। ਦੂਜੇ ਦਿਨ ਨਿਸ਼ਚਿਤ ਸਮੇਂ ’ਤੇ ਜੰਗਲ ਤੋਂ ਜਾਨਵਰਾਂ ਦੀ ਟੋਲੀ ਸ਼ਹਿਰ ਵੱਲ ਤੁਰ ਪਈ। ਦੋ ਘੰਟੇ ਵਿਚ ਜਾਨਵਰਾਂ ਦੀ ਟੋਲੀ ਸ਼ਹਿਰ ਦੇ ਬਾਹਰ ਪਹੁੰਚ ਗਈ ਸੀ। ਜਾਨਵਰ ਕੀ ਦੇਖਦੇ ਹਨ ਕਿ ਸ਼ਹਿਰ ਨੂੰ ਜਾਣ ਵਾਲੇ ਸਾਰੇ ਰਸਤੇ ਲੋਹੇ ਦੀਆਂ ਕਿੱਲਾਂ ਵਾਲੀਆਂ ਰੋਕਾਂ ਲਗਾ ਕੇ ਬੰਦ ਕੀਤੇ ਹੋਏ ਸਨ। ਬਾਹਰ ਵਰਦੀਆਂ ਵਾਲੇ ਬੰਦੇ ਖਲੋਤੇ ਸਨ। ਜਾਨਵਰਾਂ ਦੀ ਟੋਲੀ ਨੂੰ ਸ਼ਹਿਰ ਵੱਲ ਆਉਂਦੇ ਦੇਖ ਕੇ ਵਰਦੀਆਂ ਵਾਲੇ ਬੰਦੇ ਸੁਚੇਤ ਹੋ ਗਏ। ਕੁਝ ਦੂਰੀ ’ਤੇ ਜਾਨਵਰਾਂ ਦੀ ਟੋਲੀ ਰੁਕ ਗਈ। ਰੰਗੀਲਾ ਬਘਿਆੜ ਅੱਗੇ ਹੋ ਕੇ ਉਨ੍ਹਾਂ ਬੰਦਿਆਂ ਕੋਲ ਚਲਾ ਗਿਆ। ਉਸ ਨੇ ਜਾਨਵਰਾਂ ਦੇ ਸ਼ਹਿਰ ਆਉਣ ਦਾ ਮੰਤਵ ਸਪੱਸ਼ਟ ਕੀਤਾ ਅਤੇ ਦੱਸਿਆ ਕਿ ਟੋਲੀ ਵਿਚ ਕੋਈ ਜਾਨਵਰ ਡਰਾਉਣ ਵਾਲਾ ਜਾਂ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਸੀ। ਸੋ ਜਾਨਵਰਾਂ ਦੀ ਟੋਲੀ ਨੂੰ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਜਾਣ ਦੀ ਆਗਿਆ ਮਿਲ ਗਈ ਸੀ, ਪਰ ਪਿੱਛੇ-ਪਿੱਛੇ ਰੋਕਾਂ ਕੋਲ ਖੜ੍ਹੇ ਬੰਦੇ ਵੀ ਇਕ ਜੀਪ ਲੈ ਕੇ ਚੱਲ ਪਏ ਸਨ। ਜਾਨਵਰਾਂ ਨੇ ਦੇਖਿਆ ਕਿ ਸ਼ਹਿਰ ਵਿਚ ਸੁੰਨ ਪਸਰੀ ਪਈ ਸੀ। ਕੋਈ ਵੀ ਇਨਸਾਨ ਬਾਹਰ ਨਹੀਂ ਘੁੰਮ ਰਿਹਾ ਸੀ। ਸਭ ਇਨਸਾਨ ਘਰਾਂ ਵਿਚ ਵੜੇ ਬੈਠੇ ਸਨ। ਬਿੱਲੀ ਨੇ ਜਾਨਵਰਾਂ ਨੂੰ ਦੱਸਿਆ ,‘‘ਹੁਣ ਤਾਂ ਲੋਕੀਂ ਮੈਨੂੰ ਦੁੱਧ ਰੋਟੀ ਵੀ ਨਹੀਂ ਪਾਉਂਦੇ। ਮੈਂ ਤਾਂ ਥੋਡੇ ਨਾਲ ਹੀ ਜੰਗਲ ਨੂੰ ਚਲੇ ਜਾਣਾ ਹੈ।”

ਜਾਨਵਰ ਚੂਹੇ ਨੂੰ ਮਿਲੇ ਤਾਂ ਉਸ ਨੇ ਦੱਸਿਆ,‘‘ਇਨਸਾਨ ਇਕ ਨਿੱਕੇ ਵਿਸ਼ਾਣੂ ਤੋਂ ਡਰੇ ਹੋਏ ਹਨ। ਡਰਦੇ ਘਰੋਂ ਬਾਹਰ ਨਹੀਂ ਨਿਕਲਦੇ। ਬਸ! ਕੋਰੋਨਾ ਕੋਰੋਨਾ ਕਰੀ ਜਾਂਦੇ ਹਨ। ਮੂੰਹ ਢੱਕ ਕੇ ਰੱਖਦੇ ਹਨ। ਹੱਥ ਧੋਈ ਜਾਂਦੇ ਹਨ। ਖੜ੍ਹੇ ਹੋਏ ਵੀ ਕੁਝ ਦੂਰੀ ਬਣਾ ਕੇ ਰੱਖਦੇ ਹਨ।”

ਜਾਨਵਰ ਬੋਲੇ,‘‘ਸ਼ਹਿਰ ਤਾਂ ਇਕ ਅਜੀਬ ਚਿੜੀਆ ਘਰ ਬਣ ਗਿਆ ਹੈ। ਇਨਸਾਨ ਇੱਟਾਂ ਸੀਮਿੰਟ ਦੇ ਪਿੰਜਰਿਆਂ ਵਿਚ ਹਨ ਅਤੇ ਜਾਨਵਰ ਖੁੱਲ੍ਹੇ ਆਮ ਘੁੰਮ ਰਹੇ ਹਨ।”

ਫਿਰ ਚੂਹਾ ਜਾਨਵਰਾਂ ਨੂੰ ਇਕ ਵੱਡੀ ਇਮਾਰਤ ਕੋਲ ਲੈ ਗਿਆ ਜਿੱਥੇ ਕਈ ਬੰਦੇ ਘੁੰਮ ਰਹੇ ਸਨ। ਤੇਜ਼ ਰੌਸ਼ਨੀ ਵਾਲੇ ਬਲਬ ਜਗ ਰਹੇ ਸਨ। ਚੀਕ ਚਿਹਾੜਾ ਪਿਆ ਹੋਇਆ ਸੀ। ਜਗਦੀਆਂ ਬੁੱਝਦੀਆਂ ਬੱਤੀਆਂ ਵਾਲੀਆਂ ਐਂਬੂਲੈਂਸਾਂ ਆ ਜਾ ਰਹੀਆਂ ਸਨ। ਚੂਹੇ ਨੇ ਜਾਨਵਰਾਂ ਨੂੰ ਦੱਸਿਆ, ‘‘ਇਹ ਸ਼ਹਿਰ ਦਾ ਵੱਡਾ ਹਸਪਤਾਲ ਹੈ। ਇੱਥੇ ਲੋਕ ਦਵਾਈ ਮੰਗ ਰਹੇ ਹਨ। ਪਰ ਕਿਸੇ ਨੂੰ ਦਵਾਈ ਨਹੀਂ ਮਿਲ ਰਹੀ। ਲੋਕ ਆਕਸੀਜਨ ਮੰਗ ਰਹੇ ਸਨ। ਲੋਕ ਬੈੱਡ ਮੰਗ ਰਹੇ ਸਨ। ਲੋਕ ਵੈਂਟੀਲੇਟਰ ਮੰਗ ਰਹੇ ਸਨ। ਲੋਕ ਭੁੰਜੇ ਕਰਾਹ ਰਹੇ ਸਨ।” ਥੋੜ੍ਹੀ ਥੋੜ੍ਹੀ ਦੇਰ ਪਿੱਛੋਂ ਐਂਬੂਲੈਂਸਾਂ ਲਾਸ਼ਾਂ ਨੂੰ ਸ਼ਮਸ਼ਾਨ ਘਾਟ ਵੱਲ ਲੈ ਜਾਂਦੀਆਂ ਸਨ। ਜਾਨਵਰਾਂ ਨੂੰ ਚੇਤੇ ਆਇਆ ਕਿ ਜੰਗਲ ਦੇ ਹਜ਼ਾਰਾਂ ਪਿੱਪਲ, ਬਰੋਟੇ, ਨਿੰਮ ਦੇ ਦਰੱਖਤ ਮਨੁੱਖ ਨੇ ਇਸ ਲਈ ਹੀ ਕੱਟ ਧਰੇ ਸਨ ਕਿਉਂਕਿ ਉੱਥੇ ਇਕ ਸੜਕ ਬਣਾਈ ਜਾਣੀ ਸੀ। ਮਨੁੱਖ ਨੂੰ ਇਹ ਚਿਤ-ਚੇਤਾ ਵੀ ਨਹੀਂ ਸੀ ਕਿ ਇਹੀ ਦਰੱਖਤ ਉਸ ਨੂੰ ਆਕਸੀਜਨ ਤਿਆਰ ਕਰਕੇ ਦਿੰਦੇ ਸਨ। ਉਸ ਨੂੰ ਜਿਉਂਦਾ ਰੱਖਦੇ ਹਨ। ਜਾਨਵਰ ਚੂਹੇ ਦੇ ਮਗਰ ਮਗਰ ਨੇੜੇ ਦੇ ਸ਼ਮਸ਼ਾਨ ਘਾਟ ਪਹੁੰਚ ਗਏ। ਜਾਨਵਰਾਂ ਨੇ ਦੇਖਿਆ ਕਿ ਉੱਥੇ ਐਂਬੂਲੈਂਸਾਂ ਦੀ ਲਾਈਨ ਲੱਗੀ ਹੋਈ ਸੀ। ਲਾਸ਼ਾਂ ਦੇ ਦਾਹ ਸੰਸਕਾਰ ਲਈ ਉਹ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ। ਉੱਥੇ ਸਿਵੇ ਬਲ ਰਹੇ ਸਨ। ਜਾਨਵਰ ਉੱਥੇ ਹੀ ਅੱਖਾਂ ਮੀਟ ਕੇ ਖੜ੍ਹੇ ਹੋ ਗਏ। ਕੁਦਰਤ ਨੂੰ ਅਰਜ਼ੋਈ ਕਰਨ ਲੱਗੇ- ਕੁਦਰਤ ਰਾਣੀਏਂ! ਇਨਸਾਨ ਦੇ ਸਾਰੇ ਗੁਨਾਹ ਮੁਆਫ਼ ਕਰ ਦੇ। ਅੱਗੇ ਤੋਂ ਇਸ ਨੂੰ ਸੁਮੱਤ ਦੇਵੀਂ ਕਿ ਉਹ ਤੇਰੀ ਰਜ਼ਾ ਵਿਚ ਰਹੇ। ਜੀਅ ਜੰਤੂ, ਬਨਸਪਤੀਆਂ ਨੂੰ ਸੁਤੰਤਰਤਾ ਨਾਲ ਮੌਲਣ ਦੇਵੇ। ਧਰਤੀ ਨੂੰ ਹੜੱਪੇ ਨਾ। ਜਾਨਵਰਾਂ ਦੇ ਉੱਡਣ ਲਈ ਆਕਾਸ਼ ਖੁੱਲ੍ਹਾ ਛੱਡ ਦੇਵੇ। ਜਾਨਵਰਾਂ ਦੀਆਂ ਅੱਖਾਂ ਵਿਚ ਅੱਥਰੂ ਤੈਰ ਗਏ ਸਨ। ਉਹ ਵੀ ਨਿੱਕੇ ਵਿਸ਼ਾਣੂ ਤੋਂ ਭੈਅ ਖਾਣ ਲੱਗ ਪਏ ਸਨ, ਜਿਸ ਨੇ ਮਨੁੱਖ ਦੀ ਐਨੀ ਦੁਰਦਸ਼ਾ ਕਰ ਦਿੱਤੀ ਸੀ।