ਜੰਮੂ, 13 ਮਈ

ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਸਰਕਾਰੀ ਦਫਤਰ ਅੰਦਰ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਅੱਜ ਇਥੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਅੰਤਿਮ ਸੰਸਕਾਰ ਕਰ ਦਿੱਤਾ। ਰਾਹੁਲ ਭੱਟ ਨੂੰ ਸਾਲ 2010-11 ਵਿੱਚ ਪਰਵਾਸੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਤਹਿਤ ਕਲਰਕ ਦੀ ਨੌਕਰੀ ਮਿਲੀ ਸੀ। ਅੱਜ ਸਵੇਰੇ ਜਦੋਂ ਰਾਹੁਲ ਦੀ ਮ੍ਰਿਤਕ ਦੇਹ ਜੰਮੂ ਦੇ ਦੁਰਗਾ ਨਗਰ ਇਲਾਕੇ ‘ਚ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਰਾਹੁਲ ਭੱਟ ਦੀ ਪਤਨੀ ਅਤੇ ਧੀ ਵੀ ਇਸ ਵੇਲੇ ਹਾਜ਼ਰ ਸਨ। ਇਸ ਦੌਰਾਨ ਜੰਮੂ ਵਿੱਚ ਭੱਟ ਦੇ ਘਰ ਅੰਤਿਮ ਸੰਸਕਾਰ ਲਈ ਸੈਂਕੜੇ ਕਸ਼ਮੀਰੀ ਪੰਡਤ ਇਕੱਠੇ ਹੋਏ। ਰਾਹੁਲ ਭੱਟ ਦੇ ਪਰਿਵਾਰ ਸਮੇਤ ਭਾਈਚਾਰੇ ਦੇ ਮੈਂਬਰਾਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਭਾਈਚਾਰੇ ਦੇ ਮੁੜ ਵਸੇਬੇ ਦੇ ਨਾਂ ‘ਤੇ ਨੌਜਵਾਨ ਕਸ਼ਮੀਰੀ ਹਿੰਦੂਆਂ ਨੂੰ ਮੌਤ ਤੇ ਮੂੰਹ ’ਚ ਸੁੱਟਣ ਦਾ ਦੋਸ਼ ਲਗਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੇ ਘਾਟੀ ਵਿੱਚ ਪੱਕੇ ਤੌਰ ‘ਤੇ ਮੁੜ ਵਸਣ ਦਾ ਉਨ੍ਹਾਂ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਰਾਹੁਲ ਭੱਟ ਦੇ ਰਿਸ਼ਤੇਦਾਰ ਸੋਨ ਨਾਥ ਭੱਟ ਨੇ ਕਿਹਾ, ‘ਤੁਸੀਂ (ਭਾਜਪਾ) ਨੌਜਵਾਨ ਕਸ਼ਮੀਰੀ ਪੰਡਤਾਂ ਨੂੰ ਨੌਕਰੀਆਂ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਨਾਂ ’ਤੇ ਕਤਲ ਕਰਾਉਣ ਦੀ ਸਾਜ਼ਿਸ ਰਚੀ ਹੈ।’ ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਅਤੇ ਹੋਰ ਪਾਰਟੀ ਨੇਤਾ, ਜੋ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ, ਨੂੰ ਭਾਈਚਾਰੇ ਦੇ ਮੈਂਬਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕਸ਼ਮੀਰੀ ਪੰਡਿਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੰਮੂ, ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਵੀ ਕਰ ਦਿੱਤੀ।