ਓਟਵਾ, 18 ਮਾਰਚ: ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਬੁੱਧਵਾਰ ਨੂੰ ਸਰਕਾਰ ਵੱਲੋਂ ਕੀਤਾ ਗਿਆ।
ਵਿਦੇਸ਼ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ ਕਾਰੋਬਾਰੀ ਮਾਈਕਲ ਸਪੇਵਰ ਨੂੰ 19 ਮਾਰਚ ਜਦਕਿ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਨੂੰ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।ਇਸ ਬਿਆਨ ਵਿੱਚ ਗਾਰਨਿਊ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਲਗਾਤਾਰ ਸਪੇਵਰ ਤੇ ਕੋਵਰਿਗ ਤੱਕ ਕਾਊਂਸਲਰ ਦੀ ਪਹੁੰਚ ਕਰਵਾਉਣ ਲਈ ਜ਼ੋਰ ਲਾ ਰਹੇ ਹਨ। ਇਹ ਸੱਭ ਕਾਊਂਸਲਰ ਰਿਲੇਸ਼ਨਜ਼ ਉੱਤੇ ਵਿਏਨਾ ਕਨਵੈਨਸ਼ਨ ਤੇ ਚਾਈਨਾ-ਕੈਨੇਡਾ ਕਾਊਂਸਲਰ ਅਗਰੀਮੈਂਟ, ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਗਾਰਨਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਦੋਵਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾਣਾ ਮਨਮਰਜ਼ੀ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਦੋਵਾਂ ਕੈਨੇਡੀਅਨਾਂ ਨਾਲ ਜੁੜੀਆਂ ਇਨ੍ਹਾਂ ਪ੍ਰੋਸੀਡਿੰਗਜ਼ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਵੀ ਸਰਕਾਰ ਪਰੇਸ਼ਾਨ ਹੈ। ਜਿ਼ਕਰਯੋਗ ਹੈ ਕਿ ਸਪੇਵਰ ਤੇ ਕੋਵਰਿਗ ਨੂੰ 10 ਦਸੰਬਰ,2018 ਵਿੱਚ ਚੀਨ ਵਿੱਚ ਜਾਸੂਸੀ ਕਰਨ ਦੇ ਦੋਸਖਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਇਹ ਸਾਰਾ ਕੁੱਝ ਚੀਨ ਵੱਲੋਂ ਬਦਲਾਲਊ ਕਾਰਵਾਈ ਤਹਿਤ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਅਮਰੀਕਾ ਦੀ ਬੇਨਤੀ ਉੱਤੇ ਵੈਨਕੂਵਰ ਵਿੱਚ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ।