ਚੰਡੀਗੜ੍ਹ, 17 ਜੂਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ ਵਿੱਚ ਭਰਤੀ ਲਈ ਲਿਆਂਦੀ ‘ਅਗਨੀਪਥ’ ਸਕੀਮ ਨੂੰ ਭਾਰਤੀ ਫ਼ੌਜ ਦਾ ਅਪਮਾਨ ਅਤੇ ਪੰਜਾਬ ਦੇ ਨੌਜਵਾਨਾਂ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਇਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਕੀਮ ਨੂੰ ਲਾਗੂ ਕਰਨ ਦੇ ਹਾਲੀਆ ਫ਼ੈਸਲੇ ਨੂੰ ਪਿਛਾਂਹ ਖਿੱਚੂ ਕਦਮ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ‘ਦੇਸ਼ ਦੀ ਕਿਸਾਨੀ ਤੋਂ ਬਾਅਦ ਹੁਣ ਦੇਸ਼ ਦੀ ਜਵਾਨੀ ਉਤੇ ਇਹ ਸਾਜ਼ਿਸ਼ ਭਰਿਆ ਗੰਭੀਰ ਹਮਲਾ ਕੀਤਾ ਹੈ, ਜਿਹੜਾ ਕਿ ਗ਼ੈਰ-ਵਾਜਬ ਅਤੇ ਨਾਜਾਇਜ਼ ਹੈ।’ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਨੌਜਵਾਨ ਨੂੰ ਫ਼ੌਜ ਵਿੱਚ ਨੌਕਰੀ ਨਹੀਂ ਦਿੱਤੀ ਤੇ ਹੁਣ ‘ਅਗਨੀਪਥ’ ਸਕੀਮ ਰਾਹੀਂ ਕੇਂਦਰ ਸਰਕਾਰ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਫੌਜ ਵਿੱਚ ਸੇਵਾ ਕਰਨ ਦੀ ਇਜਾਜ਼ਤ ਦੇ ਰਹੀ ਹੈ, ਉਹ ਵੀ ਪੈਨਸ਼ਨ ਤੋਂ ਬਗੈਰ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੀਮ ਦੁਨੀਆ ਭਰ ਵਿਚ ਮਿਸਾਲ ਬਣਨ ਵਾਲੀ ਭਾਰਤੀ ਸੈਨਾ ਦਾ ਨਿਰਾਦਰ ਹੈ।