ਕਰਾਚੀ: ਪਾਕਿਸਤਾਨ ਟਰੇਨ ਹਾਈਜੈਕ ਮਾਮਲੇ ‘ਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹੁਣ ਤੱਕ 155 ਬੰਧਕਾਂ ਨੂੰ ਛੁਡਾਉਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਅਸ਼ਾਂਤ ਬਲੂਚਿਸਤਾਨ ਪ੍ਰਾਂਤ ‘ਚ ਸ਼ੱਕੀ ਬਲੂਚ ਅੱਤਵਾਦੀਆਂ ਵੱਲੋਂ ਟਰੇਨ ਵਿੱਚ ਬੰਧਕ ਬਣਾਏ ਗਏ 155 ਯਾਤਰੀਆਂ ਨੂੰ ਛੁਡਾ ਲਿਆ ਅਤੇ ਇਸ ਦੌਰਾਨ 27 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਹੋਰ ਯਾਤਰੀਆਂ ਨੂੰ ਵੀ ਛੁਡਾਉਣ ਲਈ ਅਭਿਆਨ ਜਾਰੀ ਹੈ। ਬਲੂਚ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ ਹੋ ਰਹੀ ਹੈ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਬਲੂਚਿਸਤਾਨ ਲਿਬਰੇਸ਼ਨ ਆਰਮੀ (BLA) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖੁਦ ਬੰਧਕਾਂ ਨੂੰ ਰਿਹਾਅ ਕੀਤਾ ਹੈ।
ਅਧਿਕਾਰੀਆਂ ਅਨੁਸਾਰ, ਨੌਂ ਡੱਬਿਆਂ ‘ਚ ਲਗਭਗ 500 ਯਾਤਰੀ ਜਾਫ਼ਰ ਐਕਸਪ੍ਰੈੱਸ ਰਾਹੀਂ ਕੁਏਟਾ ਤੋਂ ਖੈਬਰ ਪਖਤੂਨਖ਼ਵਾ ਦੇ ਪੇਸ਼ਾਵਰ ਜਾ ਰਹੇ ਸਨ, ਜਦੋਂ ਮੰਗਲਵਾਰ ਸਵੇਰੇ ਗੁਦਲਾਰ ਤੇ ਪੀਰੂ ਕੋਨੇਰੀ ਖੇਤਰਾਂ ‘ਚ ਟਰੇਨ ‘ਤੇ ਗੋਲਾਬਾਰੀ ਕੀਤੀ ਗਈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 13 ਅੱਤਵਾਦੀ ਮਾਰੇ ਗਏ ਹਨ ਅਤੇ 80 ਯਾਤਰੀਆਂ ਨੂੰ ਛੁਡਾਇਆ ਗਿਆ ਹੈ।
ਇਸ ਤੋਂ ਪਹਿਲਾਂ, BLA ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟਰੇਨ ‘ਤੇ ਕਬਜ਼ਾ ਕਰਕੇ 100 ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾ ਲਿਆ ਸੀ।
ਬਲੂਚਿਸਤਾਨ ਸਰਕਾਰ ਦੇ ਪ੍ਰਵਕਤਾ ਸ਼ਾਹਿਦ ਰਿੰਦ ਨੇ ਕਿਹਾ, “ਸੁਰੱਖਿਆ ਬਲਾਂ ਨੇ ਇੱਕ ਡਿੱਬੇ ‘ਚੋਂ 80 ਯਾਤਰੀ – 43 ਪੁਰਸ਼, 26 ਔਰਤਾਂ ਅਤੇ 11 ਬੱਚੇ – ਨੂੰ ਕਾਮਯਾਬੀ ਨਾਲ ਛੁਡਾ ਲਿਆ ਹੈ।” ਇਸ ਤੋਂ ਬਾਅਦ ਹੋਰ 24 ਯਾਤਰੀ ਵੀ ਛੁਡਾਏ ਗਏ। ਉਨ੍ਹਾਂ ਦੱਸਿਆ ਕਿ ਕਰੀਬ 400 ਯਾਤਰੀ ਹਾਲੇ ਵੀ ਟਰੇਨ ‘ਚ ਹੀ ਹਨ, ਜੋ ਇੱਕ ਸੁਰੰਗ ਦੇ ਅੰਦਰ ਫੰਸੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ।