ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਅਤਿਵਾਦ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਡੂੰਘਾ ਹੁੰਦਾ ਜਾ ਰਿਹਾ ਹੈ। ਦੋਵੇਂ ਦੇਸ਼ ਇੱਕ ਦੂਜੇ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਖੁਲ੍ਹੇਆਮ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਅਪਣੇ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਚ ਦਾਖ਼ਲ ਹੋ ਕੇ ਕਤਲ ਕਰਨ ਤੋਂ ਨਹੀਂ ਝਿਜਕੇਗਾ। ਇਨ੍ਹੀਂ ਦਿਨੀਂ ਅਤਿਵਾਦ ਖ਼ਿਲਾਫ਼ ਸ਼ੁਰੂ ਕੀਤੀ ਗਈ ਫ਼ੌਜੀ ਮੁਹਿੰਮ ਦੇ ਹਿੱਸੇ ਵਜੋਂ ਅਫ਼ਗ਼ਾਨਿਸਤਾਨ ’ਚ ਪਾਕਿਸਤਾਨ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਟੀਟੀਪੀ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਤੋਂ ਅਫ਼ਗ਼ਾਨਿਸਤਾਨ ਹੈਰਾਨ ਰਹਿ ਗਿਆ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਦੇ ਦੇਸ਼ ’ਚ ਘੁਸਪੈਠ ਹੁੰਦੀ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਅਫ਼ਗ਼ਾਨਿਸਤਾਨ ਡਿਫੈਂਸ ਫੋਰਸਿਜ਼ ਨੇ ਚੇਤਾਵਨੀ ਦਿਤੀ ਹੈ ਕਿ ਕਿਸੇ ਵੀ ਬਹਾਨੇ ਜਾਂ ਕਵਰ ਹੇਠ ਸਾਡੇ ਖੇਤਰ ’ਚ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦੇ ਗੰਭੀਰ ਨਤੀਜੇ ਹੋਣਗੇ। ਜੇ ਕੋਈ ਸੋਚਦਾ ਹੈ ਕਿ ਅਫ਼ਗ਼ਾਨਿਸਤਾਨ ਕਮਜ਼ੋਰ ਹੈ ਤਾਂ ਉਹ ਗ਼ਲਤ ਹੈ ਅਤੇ ਜੇ ਕੋਈ ਹਮਲਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਹ ਪੁੱਛੇ ਜਾਣ ’ਤੇ ਕਿ ਕੀ ਪਾਕਿਸਤਾਨ ਅਪਰਾਧੀਆਂ ਨੂੰ ਕਾਬੂ ਕਰਨ ਲਈ ਸਰਹੱਦ ਪਾਰ ਤੋਂ ਹਮਲਿਆਂ ’ਤੇ ਵਿਚਾਰ ਕਰੇਗਾ, ਦੇ ਜਵਾਬ ’ਚ ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ, ‘‘ਜੇ ਲੋੜ ਪਈ ਤਾਂ ਪਾਕਿਸਤਾਨ ਦੀ ਪ੍ਰਭੂਸੱਤਾ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।’’

ਮੰਤਰੀ ਆਸਿਫ਼ ਨੇ ਇੰਟਰਵਿਊ ’ਚ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਹਿਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਅਫ਼ਗ਼ਾਨਿਸਤਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਸਿਫ਼ ਨੇ ਕਿਹਾ, ‘‘ਇਹ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਹੈ, ਜਦੋਂ ਅਫ਼ਗ਼ਾਨਿਸਤਾਨ ਦੀ ਧਰਤੀ ਅਤਿਵਾਦ ਲਈ ਵਰਤੀ ਜਾਂਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਉੱਥੇ ਦੇ ਲੋਕਾਂ ਦੁਆਰਾ ਸੁਰਖਿਆ ਅਤੇ ਸੁਰਖਿਅਤ ਪਨਾਹ ਦਿੱਤੀ ਜਾਂਦੀ ਹੈ।’’

ਆਸਿਫ਼ ਦੇ ਬਿਆਨ ਦੀ ਨਾ ਸਿਰਫ਼ ਤਾਲਿਬਾਨ ਸਗੋਂ ਪਾਕਿਸਤਾਨ ਦੇ ਵਿਰੋਧੀ ਨੇਤਾਵਾਂ ਨੇ ਵੀ ਨਿੰਦਾ ਕੀਤੀ ਹੈ। ਰੱਖਿਆ ਮੰਤਰੀ ਦੇ ਬਿਆਨ ਦੀ ਨਿੰਦਾ ਕਰਨ ਦੇ ਨਾਲ-ਨਾਲ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ। ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ ਖਾਨ ਨੇ ਕਿਹਾ, ਖ਼ਵਾਜਾ ਆਸਿਫ਼ ਦੇ ਬਿਆਨ ਨਾਲ ਤਣਾਅ ਵਧਣ ਅਤੇ ਅਤਿਵਾਦ ਦੀ ਲਹਿਰ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜੋ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵਿਗਾੜ ਸਕਦੀ ਹੈ। ਇਥੇ ਵਰਨਣਯੋਗ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਜਿਸ ਨੂੰ ਟੀ.ਟੀ.ਪੀ ਵੀ ਕਿਹਾ ਜਾਂਦਾ ਹੈ, ਅਪਣੀ ਹੀ ਸਰਕਾਰ ਵਿਰੁਧ ਲੜ ਰਿਹਾ ਪਾਕਿਸਤਾਨ ਦਾ ਸਭ ਤੋਂ ਵੱਡਾ ਅਤਿਵਾਦੀ ਸੰਗਠਨ ਹੈ।