ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਭਗਤੀ, ਬਰਾਬਰੀ, ਇਨਸਾਫ਼ ਅਤੇ ਲੋਕ ਭਲਾਈ ‘ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ੍ਹ ਸੰਕਲਪ ਨਾਲ ਕੰਮ ਕਰ ਰਹੀ ਹੈ। ਮਹਾਨ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਣ ਅਤੇ 30 ਫੁੱਟ ਉੱਚਾ ਬੁੱਤ ਸਥਾਪਤ ਕਰਨ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਉਣ ਦੇ ਨਾਲ-ਨਾਲ ਖਟਕੜ ਕਲਾਂ ਵਿਖੇ 52 ਕਰੋੜ ਰੁਪਏ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਹਨ ਜਿਸ ਲਈ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ, ਉਹ ਕਰਨਗੇ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਕਰਵਾਏ ਪੱਧਰੀ ਸਮਾਗਮ ‘ਜਸ਼ਨ-ਏ-ਇਨਕਲਾਬ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਖਟਕੜ ਕਲਾਂ ਨੂੰ ਵਿਰਾਸਤੀ, ਵਿਦਿਅਕ ਅਤੇ ਸੱਭਿਆਚਾਰਕ-ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਖਟਕੜ ਕਲਾਂ ਦੇ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਦੇ ਹੋਏ ਇਨਕਲਾਬੀ ਸ਼ਹੀਦਾਂ ਦੇ ਜੀਵਨ, ਆਦਰਸ਼ਾਂ, ਕੁਰਬਾਨੀਆਂ ਅਤੇ ਵਿਰਾਸਤ ਨੂੰ ਸਮਕਾਲੀ ਰੂਪ ਵਿੱਚ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਅਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਕੌਮੀ ਮਹੱਤਵ ਵਾਲੇ ਵਿਰਾਸਤੀ ਸਥਾਨ ਵਿੱਚ ਬਦਲ ਰਹੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਇਤਿਹਾਸ ਨਾਲ ਜੁੜੀਆਂ ਰਹਿਣ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਦੇਸ਼ ਭਗਤੀ, ਬਹਾਦਰੀ, ਸਮਾਜਿਕ ਇਨਸਾਫ਼ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ, “ਕੰਪਲੈਕਸ ਵਿੱਚ ਜੱਦੀ ਘਰ ਅਤੇ ਹਾਊਸ ਦਾ ਸਰੂਪ, ਅਦਾਲਤ ਦਾ ਅਨੁਭਵ, ਵਿਰਾਸਤੀ ਗਲੀ, ਪੁਨਰ-ਸਿਰਜਿਤ ਪਿੰਡ ਦਾ ਮਾਹੌਲ, ਪਿੰਡ ਦੇ ਦਾਖਲੇ ਤੇ ਨਿਕਾਸ ਗੇਟ, ਮਸ਼ਾਲ ਗੇਟ, ਰਾਸ਼ਟਰੀ ਝੰਡਾ ਖੇਤਰ, ਲਾਇਬ੍ਰੇਰੀ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਸ਼ਾਮਲ ਹਨ। ਕੰਧ ਚਿੱਤਰ, ਮੂਰਤੀਆਂ, ਇਤਿਹਾਸਕ ਵਸਤੂਆਂ, ਗ੍ਰਾਫਿਕਸ ਅਤੇ ਹੋਰ ਪ੍ਰਦਰਸ਼ਨੀਆਂ ਇਤਿਹਾਸਕ ਤੌਰ ‘ਤੇ ਪ੍ਰਮਾਣਿਤ ਸਮੱਗਰੀ ਰਾਹੀਂ ਆਜ਼ਾਦੀ ਦੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਨਗੀਆਂ।”

ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਆਡੀਟੋਰੀਅਮ, ਇੰਟੇਗ੍ਰਿਟਡ ਆਡੀਓ-ਵੀਡੀਓ ਪੇਸ਼ਕਾਰੀ, ਪ੍ਰੋਜੈਕਸ਼ਨ ਤੇ ਇੰਟਰਪ੍ਰੀਟੇਸ਼ਨ ਸਿਸਟਮ, ਮਿਊਜ਼ੀਕਲ ਫੁਹਾਰਾ, ਸਮਾਰਕੀ ਰੌਸ਼ਨੀ ਅਤੇ ਤਿਆਰ ਕੀਤੇ ਗਏ ਸਾਊਂਡ ਤੇ ਲਾਈਟਿੰਗ ਪ੍ਰਭਾਵ, ਵਿਸ਼ੇ ਦੀ ਮਹੱਤਤਾ ਅਤੇ ਅਸਲੀਅਤ ਨੂੰ ਬਰਕਰਾਰ ਰੱਖਦੇ ਹੋਏ ਖਿੱਚਵਾਂ ਅਨੁਭਵ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ, “ਪ੍ਰਾਜੈਕਟ ਵਿੱਚ ਇੱਕ ਟੂਰਿਸਟ ਫੈਸਿਲੀਟੇਸ਼ਨ ਸੈਂਟਰ (ਸੈਲਾਨੀ ਸੁਵਿਧਾ ਕੇਂਦਰ), ਕਾਟੇਜ, ਗੈਸਟ ਹਾਊਸ, ਰੈਸਟੋਰੈਂਟ/ਕੈਫੇਟੇਰੀਆ, ਟਾਇਲਟ ਬਲਾਕ, ਪਾਰਕਿੰਗ, ਪੈਦਲ ਰਸਤੇ, ਛੱਪੜ ਅਤੇ ਲੈਂਡਸਕੇਪ ਵਾਲੀਆਂ ਖੁੱਲ੍ਹੀਆਂ ਥਾਵਾਂ ਵੀ ਸ਼ਾਮਲ ਹਨ। ਇਹ ਸਹੂਲਤਾਂ ਵਿਦਿਆਰਥੀਆਂ, ਖੋਜਕਰਤਾਵਾਂ, ਸੈਲਾਨੀਆਂ, ਪਰਿਵਾਰਾਂ ਅਤੇ ਵੱਡੇ ਸਮਾਗਮਾਂ ਲਈ ਸੁਚੱਜਾ, ਪਹੁੰਚਯੋਗ ਅਤੇ ਸੁਖਾਵਾਂ ਅਨੁਭਵ ਪ੍ਰਦਾਨ ਕਰਨਗੀਆਂ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਸਟਰ ਪਲਾਨ ਵਿਰਾਸਤੀ ਆਰਕੀਟੈਕਚਰ ਰਾਹੀਂ ਬੂਟੇ ਲਾਉਣ, ਸਿੰਚਾਈ, ਲਾਅਨ, ਛਾਂਦਾਰ ਆਰਾਮ ਕਰਨ ਵਾਲੀਆਂ ਥਾਵਾਂ, ਵਾਟਰ ਫੀਚਰਜ਼, ਪੈਦਲ ਆਵਾਜਾਈ, ਅੰਦਰੂਨੀ ਤੇ ਬਾਹਰੀ ਰੌਸ਼ਨੀ, ਸੁਰੱਖਿਆ ਅਤੇ ਜ਼ਰੂਰੀ ਮਕੈਨੀਕਲ, ਇਲੈਕਟ੍ਰੀਕਲ ਤੇ ਜਨ-ਸਿਹਤ ਸੇਵਾਵਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ, “ਸਾਰੇ ਮੁੱਖ ਹਿੱਸਿਆਂ ਦੀ ਰਾਤ ਸਮੇਂ ਪੇਸ਼ਕਾਰੀ ਅਤੇ ਢੁਕਵੀਂ ਲਾਈਟਿੰਗ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਪੰਜਾਬ ਦੇ ਆਜ਼ਾਦੀ ਅੰਦੋਲਨ ਅਤੇ ਵਿਰਾਸਤੀ ਸਰਕਟ ‘ਤੇ ਮਹੱਤਵਪੂਰਨ ਸਥਾਨ ਵਜੋਂ ਖਟਕੜ ਕਲਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਵਿਰਾਸਤੀ ਸਿੱਖਿਆ ਨੂੰ ਹੁਲਾਰਾ ਮਿਲਣ, ਘਰੇਲੂ ਸੈਰ-ਸਪਾਟੇ ਵਿੱਚ ਵਾਧਾ ਹੋਣ, ਸਥਾਨਕ ਅਰਥਚਾਰੇ ਨੂੰ ਹੁੰਗਾਰਾ ਮਿਲਣ ਅਤੇ ਯਾਦਗਾਰੀ ਸਮਾਗਮਾਂ, ਅਕਾਦਮਿਕ ਗਤੀਵਿਧੀਆਂ ਅਤੇ ਜਨਤਕ ਭਾਈਵਾਲੀ ਲਈ ਵੱਕਾਰੀ ਮੰਚ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਅੰਤਿਮ ਪੜਾਅ ’ਤੇ ਹੈ। ਕੰਮ ਸਿਵਲ ਅਤੇ ਅੰਦਰੂਨੀ ਫਿਨਿਸ਼ਿੰਗ, ਰਚਨਾਤਮਕ ਪ੍ਰਦਰਸ਼ਨੀਆਂ ਦੀ ਸਥਾਪਨਾ, ਆਡੀਓ-ਵੀਡੀਓ ਅਤੇ ਲਾਈਟਿੰਗ ਸਿਸਟਮ, ਲੈਂਡਸਕੇਪਿੰਗ, ਫਰਨੀਚਰ, ਟੈਸਟਿੰਗ ਅਤੇ ਦਰਸ਼ਕਾਂ ਲਈ ਸਮੁੱਚੀ ਤਿਆਰੀ ਨੂੰ ਪੂਰਾ ਕਰਨ ‘ਤੇ ਕੇਂਦਰਿਤ ਹੈ। ਰਸਮੀ ਉਦਘਾਟਨ ਤੋਂ ਪਹਿਲਾਂ ਹਰੇਕ ਹਿੱਸੇ ਦੀ ਗੁਣਵੱਤਾ ਦੀ ਜਾਂਚ ਅਤੇ ਸਮੁੱਚੇ ਟਰਾਇਲ ਕੀਤੇ ਜਾ ਰਹੇ ਹਨ। ਕੰਪਲੈਕਸ ਬਹੁਤ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।”