ਟੋਰਾਂਟੋਂ: (ਹਰਜੀਤ ਸਿੰਘ ਬਾਜਵਾ) : ਸੱਭਰੰਗ ਆਰਟਸ ਐਂਡ ਕਲਚਰਲ ਸੁਸਾਇਟੀ ਦੇ ਸ੍ਰ.ਰਮਨ ਅੰਗਰੋਆ ਅਤੇ ਅਮਨ ਅੰਗਰੋਆ ਵੱਲੋਂ ਪੰਜਾਬੀ ਸੰਗੀਤ ਅਤੇ ਪੁਰਾਤਨ ਸੰਗੀਤਕ ਸਾਜ ਜੋ ਅਲੋਪ ਹੋ ਰਹੇ ਨੇ ਨੂੰ ਜਿੰਦਾ ਰੱਖਣ ਅਤੇ ਸੰਭਾਲਣ ਦੀ ਕੋਸ਼ਿਸ਼ ਤਹਿਤ ਇੱਕ ਸੰਗੀਤਕ ਸ਼ਾਮ ਬਰੈਂਪਟਨ ਦੇ ਪੰਜਾਬੀ ਭਵਨ ਵਿਖੇ ਕਰਵਾਈ ਗਈ, ਹਰ ਇੱਕ ਲਈ ਮੁਫਤ ਦਾਖਲੇ ਵਾਲੀ ਵਿੱਚ ਸ਼ਾਮ ਵਿੱਚ ਜਿੱਥੇ ਮਰਹੂਮ ਪੰਜਾਬੀ ਗਾਇਕ ਯਮਲਾ ਜੱਟ ਦੇ ਪੋਤਰੇ ਵਿਜੇ ਯਮਲਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬੀ ਸੰਗੀਤ ਵਿੱਚ ਵਰਤੇ ਜਾਣ ਵਾਲੇ ਲਗਭੱਗ ਸਾਰੇ ਸਾਜ ਨਾਂ ਸਿਰਫ ਵਜਾ ਕੇ ਹਾਜ਼ਰੀਨ ਨਾਲ ਸਾਂਝ ਪਾਈ ਸਗੋਂ ਆਪਣੀ ਸਹਿ ਗਾਇਕਾ ਸਿਮਰਨ ਨਾਲ ਕੁਝ ਪੁਰਾਣੇ ਗੀਤਾਂ ਨਾਲ ਵੀ ਹਾਜ਼ਰੀ ਲੁਆਈ।
ਇਹ ਸ਼ਾਮ ਏਨੀ ਖੂਬਸੂਰਤ ਸੀ ਕਿ ਇੱਕ ਤਾਂ ਕਈ ਲੋਕਾਂ ਨੇ ਕਈ ਸਾਜ ਹੀ ਪਹਿਲੀ ਵਾਰ ਵੇਖੇ ਸਨ ਅਤੇ ਦੂਜਾ ਉਹਨਾਂ ਦੇ ਸਾਹਮਣੇ ਇਹਨਾਂ ਪੁਰਾਤਨ ਸਾਜਾਂ ਦੀ ਪੇਸ਼ਕਾਰੀ ਇਸ ਸ਼ਾਮ ਨੂੰ ਹੋਰ ਵੀ ਸੁਹਾਵਣੀ ਬਣਾ ਰਹੀ ਸੀ। ਇਸ ਮੌਕੇ ਵਿਜੇ ਯਮਲਾ ਵੱਲੋਂ ਜਿੱਥੇ ਉਸਤਾਦ ਯਮਲਾ ਜੱਟ ਦੇ ਕਈ ਗੀਤ ਸੁਣਾਏ ਉੱਥੇ ਹੀ ਕਰਮਜੀਤ ਬੱਗਾ ਨੇ ਵੀ ਉਸਦਾ ਸੰਗੀਤਕ ਧੁੰਨਾਂ ਉੱਤੇ ਪੂਰਾ ਸਾਥ ਦਿੱਤਾ।