ਟੋਰਾਂਟੋ (ਬਲਜਿੰਦਰ ਸੇਖਾ) ਓਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਬਹੁਤ ਜ਼ਿਆਦਾ ਸ਼ੋਰ ਕਰਨ ਵਾਲੀਆਂ ਕਾਰਾਂ ਅਤੇ ਟਰੱਕਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਗੈਰ-ਕਾਨੂੰਨੀ ਮਫ਼ਲਰ ਲਗਾਉਣ ਅਤੇ ਸੜਕਾਂ ‘ਤੇ ਜਾਣਬੁੱਝ ਕੇ ਇੰਜਣ ਦੀ ਉੱਚੀ ਆਵਾਜ਼ ਕੱਢਣ ਵਾਲੇ ਡਰਾਈਵਰਾਂ ਲਈ ਜੁਰਮਾਨੇ ਵਧਾਉਣ ਦੀ ਤਜਵੀਜ਼ ਹੈ।
ਟਰਾਂਸਪੋਰਟ ਮੰਤਰੀ ਪ੍ਰਬਮੀਤ “ਸਰਕਾਰੀਆ “ਵੱਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਿਤ ਕਾਨੂੰਨ ਤਹਿਤ ਵਾਹਨਾਂ ਦੇ ਬੇਲੋੜੇ ਸ਼ੋਰ ਅਤੇ ਗੈਰ-ਕਾਨੂੰਨੀ ਐਗਜ਼ੌਸਟ ਸਿਸਟਮ ਨਾਲ ਸਬੰਧਤ ਉਲੰਘਣਾਵਾਂ ਦਾ ਘੱਟੋ-ਘੱਟ ਜੁਰਮਾਨਾ $60 ਤੋਂ ਵਧਾ ਕੇ $200 ਕੀਤਾ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੁਰਮਾਨੇ ਵਧਾਉਣ ਨਾਲ ਅਜਿਹੇ ਡਰਾਈਵਰਾਂ ਨੂੰ ਰੋਕਣ ਵਿੱਚ ਮਦਦ ਮਿਲੇਗੀ, ਜੋ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦੇ ਹਨ। ਉੱਚੀ ਆਵਾਜ਼ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਐਮਰਜੈਂਸੀ ਵਾਹਨਾਂ ਦੇ ਸਾਇਰਨ ਸੁਣਨ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਪ੍ਰਸਤਾਵਿਤ ਕਾਨੂੰਨ ਤਹਿਤ ਪੁਲਿਸ ਨੂੰ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਹੋਰ ਸਖ਼ਤ ਸਾਧਨ ਮਿਲਣਗੇ।