ਸਟਾਰ ਨਿਊਜ਼:- ਕੰਜ਼ਰਵਟਿਵ ਨੇਤਾ ਪੀਅਰ ਪੌਲੀਏਵ ਨੇ ਬੀਤੇ ਦਿਨੀਂ ਉਨਟੈਰੀਓ ਦੇ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਨ ਵਾਲੀ ਸਿਰਮੌਰ ਸੰਸਥਾ ਓਨਟੈਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਨੇ ਮੈਂਬਰਜ਼ ਨਾਲ ਇੱਕ ਮਿਲਣੀ ਕੀਤੀ। ਇਸ ਮਿਲਣੀ ਵਿੱਚ ਕੌਂਸਲ  ਦੇ ਚੇਅਰਪਰਸਨ ਓੁਂਕਾਰ ਸਿੰਘ ਗਰੇਵਾਲ, ਵਾਈਸ-ਚੇਅਰ ਜਸਬੀਰ ਸਿੰਘ ਜੈਸਵਾਲ, ਸਕੱਤਰ ਇੰਦਰਦੀਪ ਸਿੰਘ, ਸਹਿ ਸਕੱਤਰ ਅਜਮੇਰ ਸਿੰਘ, ਖ਼ਜਾਨਚੀ ਰਣਜੀਤ ਸਿੰਘ ਸੰਧੂ, ਡਾਇਰੈਕਟਰ ਰਮਨਜੀਤ ਕੌਰ, ਅਡਵਾਈਜ਼ਰ ਮਨਜੀਤ ਸਿੰਘ ਪਰਮਾਰ ਅਤੇ ਕੋ-ਆਰਡੀਨੇਟਰ ਬਲਜੀਤ ਸਿੰਘ ਪੰਡੋਰੀ ਸ਼ਾਮਿਲ ਸਨ, ਕੰਜ਼ਰਵਟਿਵ ਪਾਰਟੀ ਵਲੋਂ ਪੀਅਰ ਪੌਲੀਏਵ ਦੇ ਨਾਲ ਸਾਂਸਦ ਅਤੇ ਡਿਪਟੀ ਲੀਡਰ ਟਿੰਮ ਉੱਪਲ, ਫਾਈਨੈਂਸ ਕ੍ਰਿਟਿਕ ਜਸਰਾਜ ਹੱਲਣ, ਚੇਅਰ ਆਊਟਰੀਚ ਅਰਪਨ ਖੰਨਾ ਅਤੇ ਮਿਲਟਨ ਤੋਂ ਕੰਜ਼ਰਵਟਿਵ ਦੇ ਉਮੀਦਵਾਰ ਪਰਮ ਗਿੱਲ ਹਾਜ਼ਰ ਸਨ। ਇਹ ਮਿਲਣੀ ਕੰਜ਼ਰਵਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਐਡਵਾਈਜ਼ਰੀ ਕੌਂਸਲ ਦੇ ਵਾਈਸ-ਚੇਅਰ ਸ਼ਮਸ਼ੇਰ ਗਿੱਲ ਦੇ ਸਹਿਯੋਗ ਨਾਲ ਸੰਭਵ ਹੋਈ। ਮਿਲਣੀ ਵਿੱਚ ਕਈ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਕੌਂਸਲ ਮੈਂਬਰਾਂ ਵਲੋਂ ਕੰਜ਼ਰਵਟਿਵ ਲੀਡਰ ਪੌਲੀਏਵ ਨਾਲ ਅੰਤਰਰਾਸ਼ਟਰੀ ਵਿੱਦਿਆਰੀਆਂ ਦਾ ਮੁੱਦਾ ਵਿਸ਼ੇਸ਼ ਤੌਰ ਤੇ ਵਿਚਾਰਿਆ ਗਿਆ ਕਿ ਕਿਵੇਂ ਕੈਨੇਡਾ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਵਿੱਦਿਆਰਥੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਕਿਵੇਂ ਇਨ੍ਹਾਂ ਵਿੱਦਿਆਰਥੀਆਂ ਨੂੰ ਕਿਰਾਏ ‘ਤੇ ਘਰ ਲੈਣ ਵਿੱਚ ਦਿੱਕਤ ਆ ਰਹੀ ਹੈ। ਆਰਥਿਕ ਮੰਦਹਾਲੀ ਦੇ ਚਲਦਿਆਂ ਕੰਮ ਨਹੀਂ ਮਿਲ ਰਹੇ ਅਤੇ ਬਹੁਤ ਸਾਰੇ ਵਿੱਦਿਆਰੀ ਤਾਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮੱਰਥ ਹਨ। ਕੌਂਸਲ ਮੈਂਬਰਜ਼ ਨੇ ਧਾਰਮਿਕ ਪ੍ਰਚਾਰਕਾਂ ਨੂੰ ਵੀਜ਼ਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਵੀ ਵਿਚਾਰਿਆ ਗਿਆ।

ਇਸ ਤੋਂ ਇਲਾਵਾ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਸਿਟੀਜ਼ਨ ਨੂੰ ਮਾਰਨਾ ਅਤੇ ਜਿਸ ਦੇ ਕਾਤਲ ਅਜੇ ਤੱਕ ਫੜ੍ਹੇ ਨਹੀਂ ਗਏ ਅਤੇ ਜਿਹੜੇ ਹੁਣ ਤੱਕ ਜੇਲ੍ਹ ਵਿੱਚ ਹੋਣੇ ਚਾਹੀਦੇ ਸਨ ਸਬੰਧੀ ਆਪਣੇ ਵਿਚਾਰ ਕੌਂਸਲ ਮੈਂਬਰਜ਼ ਨੇ ਲੀਡਰ ਨਾਲ ਸਾਂਝੇ ਕੀਤੇ, ਕੈਨੇਡਾ ਵਿੱਚ ਕੈਨੇਡੀਅਨ ਸਿਟੀਜ਼ਨਾਂ ਨੂੰ ਧਮਕੀਆਂ ਦੇਣਾ ਆਦਿ ਅਤਿ ਸੰਵੇਦਨਸ਼ੀਲ ਮੁੱਦਾ ਵੀ ਪਾਰਟੀ ਲੀਡਰ ਨਾਲ ਵਿਚਾਰਿਆ ਗਿਆ। ਪੀਅਰ ਪੌਲੀਏਵ ਨੇ ਆਪਣੇ ਵੱਲੋਂ ਇਨ੍ਹਾਂ ਸਾਰੇ ਮੁੱਦਿਆਂ ‘ਤੇ ਪੂਰਨ ਸਹਿਯੋਗ ਦੀ ਗੱਲ ਕਹੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਮਿਲਣੀ ਦੀ ਆਸ ਕੀਤੀ।