ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਐਲ.ਸੀ.ਬੀ.ਓ. ਦਾ ਪੱਖ ਪੂਰਦਿਆਂ ਹੜਤਾਲ ’ਤੇ ਗਏ ਮੁਲਾਜ਼ਮਾਂ ਨੂੰ ਗੱਲਬਾਤ ਲਈ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਹੜਤਾਲ ਸ਼ੁਰੂ ਹੋਣ ਮਗਰੋਂ ਪਹਿਲੀ ਜਨਤਕ ਟਿੱਪਣੀ ਦੌਰਾਨ ਡਗ ਫੋਰਡ ਨੇ ਮੁਲਾਜ਼ਮ ਯੂਨੀਅਨ ਦੀ ਨੁਕਤਾਚੀਨੀ ਵੀ ਕੀਤੀ। ਇਟੋਬੀਕੋ ਦੀ ਕੂਲ ਬੀਅਰ ਬਰੂਇੰਗ ਕੰਪਨੀ ਵਿਚ ਪੁੱਜੇ ਡਗ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਹਮੇਸ਼ਾ ਸਰਕਾਰੀ ਅਦਾਰਾ ਰਹੇਗਾ। ਇਸ ਵਿਚ ਕੋਈ ਸ਼ੱਕ ਨਹੀਂ। ਪਰ ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਕਿਸੇ ਸਮਝੌਤੇ ’ਤੇ ਪੁੱਜ ਸਕਦੀ ਸੀ ਅਤੇ ਹੜਤਾਲ ਦਾ ਨੌਬਤ ਨਾ ਆਉਂਦੀ।
ਮੁਲਾਜ਼ਮ ਯੂਨੀਅਨ ’ਤੇ ਲਾਇਆ ਗੱਲਬਾਤ ਵਿਚਾਲੇ ਛੱਡ ਕੇ ਜਾਣ ਦਾ ਦੋਸ਼
ਸੂਬਾ ਸਰਕਾਰ ਮਸਲਾ ਸੁਲਝਾਉਣ ਦੇ ਹੱਕ ਵਿਚ ਹੈ ਅਤੇ ਇਸੇ ਕਰ ਕੇ ਮੁਲਾਜ਼ਮ ਯੂਨੀਅਨ ਨੂੰ ਮੁੜ ਗੱਲਬਾਤ ਦੇ ਮੇਜ਼ ’ਤੇ ਆਉਣਾ ਚਾਹੀਦਾ ਹੈ।’’ ਇਥੇ ਦਸਣਾ ਬਣਦਾ ਹੈ ਕਿ 5 ਜੁਲਾਈ ਤੋਂ ਹੜਤਾਲ ਸ਼ੁਰੂ ਹੋਣ ਮਗਰੋਂ ਐਲ.ਸੀ.ਬੀ.ਓ. ਪ੍ਰਬੰਧਕਾਂ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ। ਦੂਜੇ ਪਾਸੇ ਡਗ ਫੋਰਡ ਨੇ ਅੱਗੇ ਕਿਹਾ ਕਿ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦਾ ਫੈਸਲਾ ਵਾਪਸ ਨਹੀਂ ਲਿਆ ਜਾਵੇ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾਂ, ਭੱਤਿਆਂ ਅਤੇ ਜੌਬ ਸਕਿਉਰਿਟੀ ਵਰਗੇ ਮਸਲਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਪ੍ਰੀਮੀਅਰ ਨੇ ਸਪੱਸ਼ਟ ਲਫਜ਼ਾਂ ਵਿਚ ਆਖਿਆ ਕਿ ਸੂਬਾ ਸਰਕਾਰ ਐਲ.ਸੀ.ਬੀ.ਓ. ਨੂੰ ਵੇਚ ਨਹੀਂ ਰਹੀ ਅਤੇ ਨਾ ਹੀ ਇਸ ਨੂੰ ਨਿਜੀ ਹੱਥਾਂ ਵਿਚ ਸੌਂਪਿਆ ਜਾ ਰਿਹਾ ਹੈ।
ਐਲ.ਸੀ.ਬੀ.ਓ. ਨੂੰ ਨਿਜੀ ਹੱਥਾਂ ਵਿਚ ਨਹੀਂ ਸੌਂਪ ਰਹੇ : ਡਗ ਫੋਰਡ
ਬੇਹੱਦ ਅਫਸੋਸ ਵਾਲੀ ਗੱਲ ਹੈ ਕਿ ਮੁਲਾਜ਼ਮ ਯੂਨੀਅਨ ਗੱਲਬਾਤ ਵਿਚਾਲੇ ਛੱਡ ਕੇ ਚਲੀ ਗਈ। ਉਧਰ ਮੁਲਾਜ਼ਮ ਯੂਨੀਅਨ ਦੀ ਆਗੂ ਕੌਲੀਨ ਮੈਕਲਾਓਡ ਨੇ ਪ੍ਰੀਮੀਅਰ ਡਗ ਫੋਰਡ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੌਜੂਦਾ ਸੰਘਰਸ਼ ਐਲ.ਸੀ.ਬੀ.ਓ. ਦੇ ਭਵਿੱਖ ਵਾਸਤੇ ਕੀਤਾ ਜਾ ਰਿਾ ਹੈ ਅਤੇ ਉਹ ਕਿਸੇ ਵੀ ਵੇਲੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹਨ। ਕੌਲੀਨ ਨੇ ਦਾਅਵਾ ਕੀਤਾ ਕਿ ਕਨਵੀਨੀਐਂ ਸਟੋਰਾਂ ਵਿਚ ਬੀਅਰ ਵੇਚਣ ਦਾ ਫੈਸਲਾ ਵਾਪਸ ਨਾ ਲਏ ਜਾਣ ’ਤੇ ਵੀ ਉਹ ਗੱਲਬਾਤ ਕਰਨ ਵਾਸਤੇ ਤਿਆਰ ਹਨ। ਇਥੇ ਦਸਣਾ ਬਣਦਾ ਹੈ ਕਿ ਹੜਤਾਲ ਦੇ ਮੱਦੇਨਜ਼ਰ 19 ਜੁਲਾਈ ਤੋਂ ਸੂਬੇ ਵਿਚ ਸ਼ਰਾਬ ਦੇ ਸਟੋਰ ਸੀਮਤ ਸਮੇਂ ਵਾਸਤੇ ਖੋਲ੍ਹਣ ਦਾ ਉਪਰਾਲਾ ਕੀਤਾ ਜਾਵੇਗਾ। ਉਨਟਾਰੀਓ ਪਬਲਿਕ ਸੈਕਟਰ ਇੰਪਲੌਈਜ਼ ਯੂਨੀਅਨ ਦਾ ਦੋਸ਼ ਹੈ ਕਿ ਐਲਕੌਹਲ ਦੀ ਵਿਕਰੀ ਵਿਚ ਪ੍ਰਾਈਵੇਟ ਰਿਟੇਲਰਾਂ ਨੂੰ ਸ਼ਾਮਲ ਕਰ ਕੇ ਸੂਬਾ ਸਰਕਾਰ ਢਾਈ ਅਰਬ ਡਾਲਰ ਦੀ ਆਮਦਨ ਦਾ ਨੁਕਸਾਨ ਕਰ ਰਹੀ ਹੈ।