ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬਾਨਾਂ ਵਿੱਚੋਂ ਇੱਕ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜੇ ਹੋਏ ਦੀਵਾਨਾਂ ਵਿੱਚ ਸਾਰਾ ਦਿਨ ਗੁਰਬਾਣੀ ਕੀਰਤਨ, ਕਥਾ ਵਿਚਾਰ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰੀਤ ਸਿੰਘ ਜੱਸਲ ਨੇ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਗੁਰੂ ਜੀ ਦੁਆਰਾ ਰਚਿਤ ਬਾਣੀ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਕਿਵੇਂ ਗੁਰੂ ਜੀ ਨੇ ਸੇਵਾ ਅਤੇ ਸਿਦਕ ਨੂੰ ਕਾਇਮ ਰੱਖਦਿਆਂ ਗੁਰੂ ਨੂੰ ਆਪਣਾ ਜੀਵਨ ਅਰਪਣ ਕਰਨ ਦੀ ਅਨੋਖੀ ਮਿਸਾਲ ਕਾਇਮ ਕੀਤੀ ਅਤੇ ਸੋਢੀ ਪਾਤਸ਼ਾਹ ਕਹਿਲਾਏ। ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਉੱਪ ਸਕੱਤਰ ਪਰਮਜੀਤ ਸਿੰਘ ਗਿੱਲ, ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਡਾਇਰੈਕਟਰ ਸਰਦਾਰਾ ਸਿੰਘ, ਸਰਬਜੀਤ ਸਿੰਘ , ਮੈਨੇਜਰ ਗੁਰਵੀਰ ਸਿੰਘ, ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਸਮੇਤ ਸਾਰੇ ਦਿਨ ਦੇ ਦੀਵਾਨਾਂ ਵਿੱਚ ਭਾਈ ਅਕਾਸ਼ਦੀਪ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦ ਜਥਿਆਂ ਨੇ ਸਟੇਜ ਤੇ ਹਾਜ਼ਰੀ ਲਗਵਾਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।