ਟੋਰਾਂਟੋ : ਟੋਰਾਂਟੋ ਪੁਲਿਸ ਨੇ ਹੈਰਾਨਕੁੰਨ ਖੁਲਾਸਾ ਕਰਦਿਆਂ ਕਿਹਾ ਹੈ ਕਿ ਕਾਰ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਪਿੱਛੇ ਸਰਵਿਸ ਉਨਟਾਰੀਓ ਦੇ ਕੁਝ ਮੁਲਾਜ਼ਮ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵੱਲੋਂ ਸੈਂਕੜੇ ਡਰਾਈਵਰਾਂ ਨਾਲ ਸਬੰਧਤ ਜਾਣਕਾਰੀ ਸ਼ੱਕੀਆਂ ਤੱਕ ਪਹੁੰਚਾਈ ਗਈ। ਪ੍ਰੌਜੈਕਟ ਸਫਾਰੀ ਤਹਿਤ ਫਰਵਰੀ ਵਿਚ ਆਰੰਭੀ ਪੜਤਾਲ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਗਿਆ ਹੈ। ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਚੋਰੀ ਦੀਆਂ ਵਾਰਦਾਤਾਂ ਤੋਂ ਪਹਿਲਾਂ ਸ਼ੱਕੀਆਂ ਨੇ ਸਾਜ਼ਿਸ਼ ਘੜਦਿਆਂ ਸਰਵਿਸ ਉਨਟਾਰੀਓ ਦੇ ਮੁਲਾਜ਼ਮਾਂ ਨਾਲ ਗੰਢਤੁਪ ਕੀਤੀ ਅਤੇ ਨਿਜੀ ਜਾਣਕਾਰੀ ਹਾਸਲ ਕਰ ਲਈ।

ਸਰਵਿਸ ਉਨਟਾਰੀਓ ਵੱਲੋਂ ਹੀ ਸੂਬੇ ਦੇ ਲੋਕਾਂ ਨੂੰ ਡਰਾਈਵਿੰਗ ਲਾਇਸੰਸ, ਗੱਡੀਆਂ ਦੀ ਲਾਇਸੰਸ ਪਲੇਟ ਅਤੇ ਹੋਰ ਅਹਿਮ ਦਸਤਾਵੇਜ਼ ਮੁਹੱਈਆ ਕਰਵਾਏ ਜਾਂਦੇ ਹਨ। ਪੁਲਿਸ ਨੇ ਮੁਲਾਜ਼ਮਾਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਪਛਾਣ ਦੱਸੀ ਗਈ ਜਿਨ੍ਹਾਂ ਨੇ ਕਾਰ ਚੋਰਾਂ ਦੀ ਮਦਦ ਕੀਤੀ। ਸ਼ੱਕੀਆਂ ਦੀ ਗਿਣਤੀ ਸੱਤ ਦੱਸੀ ਗਈ ਹੈ ਜਿਨ੍ਹਾਂ ਨੇ ਨਿਜੀ ਜਾਣਕਾਰੀ ਦੀ ਵਰਤੋਂ ਗੱਡੀਆਂ ਚੋਰੀ ਕਰਨ ਅਤੇ ਫਿਰ ਇਲ੍ਹਾਂ ਨੂੰ ਨਵੇਂ ਸਿਰੇ ਤੋਂ ਫਰਜ਼ੀ ਤਰੀਕੇ ਨਾਲ ਰਜਿਸਟਰਡ ਕਰਵਾਉਣ ਵਾਸਤੇ ਕੀਤੀ। ਫਰਜ਼ੀ ਵੀ.ਆਈ.ਐਨਜ਼ ਵੀ ਸਰਵਿਸ ਉਨਟਾਰੀਓ ਦੇ ਮੁਲਾਜ਼ਮਾਂ ਵੱਲੋਂ ਮੁਹੱਈਆ ਕਰਵਾਏ ਗਏ। ਪ੍ਰੌਜੈਕਟ ਸਫਾਰੀ ਤਹਿਤ ਪੁਲਿਸ ਵੱਲੋਂ 15 ਲੱਖ ਡਾਲਰ ਮੁੱਲ ਦੀਆਂ ਗੱਡੀਆਂ ਅਤੇ ਨਕਦੀ ਬਰਾਮਦ ਕੀਤੀ ਗਈ। ਗਰੇਟਰ ਟੋਰਾਂਟੋ ਏਰੀਆ ਨਾਲ ਸਬੰਧਤ ਸ਼ੱਕੀਆਂ ਵਿਰੁੱਧ 73 ਦੋਸ਼ ਆਇਦ ਕੀਤੇ ਗਏ ਹਨ।