ਹੁਣ ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਲਈ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਹੁਣ ਕਰੰਸੀ ਬਦਲਣ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਭਾਰਤੀ ਸੈਲਾਨੀ ਉੱਥੇ ਰੁਪਏ ‘ਚ ਭੁਗਤਾਨ ਵੀ ਕਰ ਸਕਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕ ਨਾਲ ਇੱਕ ਐਮਓਯੂ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਲੈਣ-ਦੇਣ ਵਿੱਚ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 188.11 ਇੰਡੋਨੇਸ਼ੀਆਈ ਰੁਪਿਆ ਹੈ, ਯਾਨੀ ਜੇਕਰ ਤੁਹਾਡੇ ਕੋਲ ਭਾਰਤੀ ਕਰੰਸੀ ਦੇ 100 ਰੁਪਏ ਹਨ ਤਾਂ ਇਹ ਲਗਭਗ 18,811 ਇੰਡੋਨੇਸ਼ੀਆਈ ਰੁਪਏ ਦੇ ਬਰਾਬਰ ਹੈ।
ਆਓ ਜਾਣਦੇ ਹਾਂ ਦੁਨੀਆ ਦੇ ਹੋਰ ਵੀ ਕਈ ਦੇਸ਼ ਹਨ, ਜਿਥੇ ਭਾਰਤੀ ਰੁਪਿਆ ਘੁੰਮਦਾ ਹੈ। ਜ਼ਿੰਬਾਬਵੇ ਦੀ ਆਪਣੀ ਮੁਦਰਾ ਨਹੀਂ ਹੈ। ਇਸ ਦੇਸ਼ ਵਿੱਚ 2014 ਤੋਂ ਭਾਰਤੀ ਕਰੰਸੀ ਰੁਪਏ ਨੂੰ ਕਾਨੂੰਨੀ ਮੁਦਰਾ ਵਜੋਂ ਵਰਤਿਆ ਜਾ ਰਿਹਾ ਹੈ। ਇੱਕ ਭਾਰਤੀ ਰੁਪਿਆ 5.85 ਜ਼ਿੰਬਾਬਵੇ ਡਾਲਰ ਦੇ ਬਰਾਬਰ ਹੈ।

ਉਥੇ ਹੀ ਇੱਕ ਭਾਰਤੀ ਰੁਪਿਆ 1.60 ਨੇਪਾਲੀ ਰੁਪਏ ਵਿੱਚ ਖਰੀਦ ਸਕਦਾ ਹੈ। ਨੇਪਾਲ ‘ਚ ਭਾਰਤੀ ਨੋਟਾਂ ਦੀ ਕਿਸ ਹੱਦ ਤੱਕ ਵਰਤੋਂ ਕੀਤੀ ਜਾਂਦੀ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਭਾਰਤ ਨੇ 2016 ‘ਚ ਨੋਟਬੰਦੀ ਕੀਤੀ ਸੀ, ਉਦੋਂ ਲਗਭਗ 9.48 ਅਰਬ ਰੁਪਏ ਦੇ ਭਾਰਤੀ ਨੋਟ ਉੱਥੇ ਚੱਲ ਰਹੇ ਸਨ। ਭਾਰਤੀ ਵਪਾਰੀਆਂ ਨੂੰ ਇੱਕ ਭਾਰਤੀ ਰੁਪਏ ਲਈ ਵਧੇਰੇ ਨੇਪਾਲੀ ਕਰੰਸੀ ਮਿਲਦੀ ਹੈ, ਇਸ ਲਈ ਭਾਰਤੀ ਵਪਾਰੀ ਨੇਪਾਲ ਨਾਲ ਵਪਾਰ ਕਰਨ ਲਈ ਉਤਸੁਕ ਹਨ। ਇਸ ਤੋਂ ਇਲਾਵਾ ਭੂਟਾਨ, ਬੰਗਲਾਦੇਸ਼, ਮਾਲਦੀਵ ਵਿਚ ਵੀ ਭਾਰਤੀ ਰੁਪਿਆ ਚੱਲਦਾ ਹੈ।