ਪੁਲਿਸ ਵੱਲੋਂ ਬਰੈਂਪਟਨ ‘ਚ 18 ਸਾਲਾ ਨਿਸ਼ਾਨ ਸਿੰਘ ਥਿੰਦ ਦਾ ਕਤਲ ਅਤੇ ਕਤਲ ‘ਚ ਮਦਦ ਕਰਨ ਵਾਲੇ 18 ਸਾਲਾ ਪ੍ਰੀਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।ਪਰ ਗੋਲੀ ਮਰਨ ਵਾਲਾ ਇਨ੍ਹਾਂ ਦਾ ਸਾਥੀ 16 ਸਾਲਾ ਦਾ ਪੰਜਾਬੀ ਨੌਜਵਾਨ ਅਜੇ ਫਰਾਰ ਹੈ।ਸਾਰੇ ਕਨੇਡਾ ‘ਚ ਵਰੰਟ ਨਿਕਲ ਚੁੱਕੇ ਹਨ।
ਕਨੇਡਾ ਵਿੱਚ ਪੰਜਾਬੀ ਸਿੱਖ ਨੌਜਵਾਨਾਂ ਵੱਲੋਂ ਕਤਲਾਂ, ਡਕੈਤੀਆਂ, ਚੋਰੀਆਂ, ਫਿਰੌਤੀਆਂ, ਡਰੱਗ ਸਮਗਲਿੰਗ, ਡਰੱਗ ਓਵਰਡੋਜ, ਕੁੱਟ-ਮਾਰ ਆਦਿ ਦੀਆਂ ਅਪਰਾਧਿਕ ਵਾਰਦਾਤਾਂ ਦਿਨੋ-ਦਿਨ ਵਧ ਰਹੀਆਂ। ਸਿੱਖ ਕੌਮ ਦੇ ਨਾਮ ‘ਤੇ ਰਾਜਸੀ ਅਤੇ ਆਰਥਿਕ ਲਾਹੇ ਲੈਣ ਵਾਲ਼ੇ ਮੌਕਾਪ੍ਰਸਤ ਲੀਡਰ ਚੁੱਪ ਧਾਰੀ ਬੈਠੇ ਹਨ ਜਾਂ ਸਿੱਧੇ-ਅਸਿੱਧੇ ਢੰਗਾਂ ਨਾਲ਼ ਅਪਰਾਧੀਆਂ ਦੀ ਮੱਦਦ ਕਰਦੇ ਹਨ।
ਪੰਜਾਬ ਵਿੱਚ ਵਾਪਰਦੀ ਹਰ ਘਟਨਾ ਲਈ ਉੱਥੇ ਦੀਆਂ ਸਰਕਾਰਾਂ ਨੂੰ ਇੱਥੋਂ ਬੈਠ ਕੇ ਦੋਸ਼ੀ ਗਰਦਾਨਣ ਵਾਲ਼ੇ ਇੱਥੇ ਕਿਉਂ ਚੁੱਪ ਹਨ? ਅਸੀਂ ਇੱਥੇ ਰਹਿ ਰਹੇ ਹਾਂ ਅਤੇ ਇੱਥੇ ਰੀ ਰਹਿਣਾ ਹੈ ਤਾਂ ਸਾਨੂੰ ਆਪਣੇ ਆਲ਼ੇ-ਦੁਆਲ਼ੇ ਵਧ ਰਹੀ ਹਿੰਸਾ ਤੇ ਅਪਰਾਧ ਦੀ ਚਿੰਤਾ ਕਿਉਂ ਨਹੀ। ਗੁਰਦੁਆਰੇ ਕਮਿਉਨਿਟੀ ਦੀ ਸਾਂਝੀ ਸੰਸਥਾ ਹੈ, ਉੱਥੇ ਅਜਿਹੇ ਮਸਲੇ ਕਿਉਂ ਨਹੀ ਵਿਚਾਰੇ ਜਾਂਦੇ? ਜੇ ਉੱਥੋਂ ਪੰਜਾਬ ਜਾਂ ਭਾਰਤ ਸਰਕਾਰ ਖਿਲਾਫ ਭੰਡੀ ਪ੍ਰਚਾਰ ਹੋ ਸਕਦੇ ਹਨ ਤਾਂ ਇੱਥੇ ਦੀਆਂ ਸਰਕਾਰਾਂ ਜਾਂ ਸਾਡੇ ਵੱਲੋਂ ਚੁੱਣੇ ਹੋਏ ਦੇਸੀ ਲੀਡਰਾਂ ਦੀ ਜਵਾਬ ਤਲਬੀ ਕਿਉਂ ਨਹੀ ਕੀਤੀ ਜਾਂਦੀ?
ਅਸੀ ਜਿੱਥੇ ਰਹਿ ਹਾਂ, ਉੱਥੇ ਨਾਲ਼ੋਂ ਪੰਜਾਬ ਜਾਂ ਭਾਰਤ ਦੀ ਵੱਧ ਚਿੰਤਾ ਕਿਉਂ? ਇੱਥੇ ਕਦੇ ਸਰਕਾਰਾਂ ਖਿਲਾਫ ਮੁਜ਼ਾਹਰੇ ਕਿਉਂ ਨਹੀਂ ਕਰਦੇ? ਇੱਥੇ ਦੇਸੀ ਲੀਡਰਾਂ ਨੂੰ ਸਵਾਲ ਪੁੱਛਣ ਦੀ ਥਾਂ ਗੁਰਦੁਆਰਿਆਂ, ਸਮਾਜਿਕ ਫੰਕਸ਼ਨਾਂ, ਨਗਰ ਕੀਰਤਨਾਂ ਵਿੱਚ ਸਿਰੋਪੇ ਦਿੱਤੇ ਜਾਂਦੇ ਹਨ, ਮੁੱਖ ਮਹਿਮਾਨ ਬਣਾਇਆ ਜਾਂਦਾ ਹੈ। ਅਸੀ ਕਦੋਂ ਜਾਗਾਂਗੇ ਕਿ ਕੁਝ ਲੋਕ ਦਿਨ ਪ੍ਰਤੀ ਦਿਨ ਕਮਿਉਨਿਟੀ ਦਾ ਅਕਸ ਸਾਰੀ ਦੁਨੀਆਂ ਵਿੱਚ ਖਰਾਬ ਕਰ ਰਹੇ ਹਨ। ਜੋ ਹਾਲਾਤ ਹਨ, ਜੇ ਅਸੀਂ ਨਾ ਸੰਭਲ਼ੇ ਤਾਂ ਸਾਰੀ ਕਮਿਉਨਿਟੀ ਨੂੰ ਲੋਕ ਸ਼ੱਕ ਦੀ ਨਿਗ੍ਹਾ ਨਾਲ਼ ਦੇਖਣਗੇ।
ਹਰਚਰਨ ਸਿੰਘ ਪ੍ਰਹਾਰ