ਮੈਲਬੋਰਨ: ਆਸਟ੍ਰੇਲੀਆ ਦੇ ਜਾਸੂਸ ਵਿਭਾਗ ਦੇ ਮੁਖੀ ਮਾਈਕ ਬਰਗੇਸ ਨੇ ਕੈਨੇਡਾ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਕੈਨੇਡਾ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਵਲੋਂ ਭਾਰਤ ’ਤੇ ਲਾਏ ਦੋਸ਼ਾਂ ਨੂੰ ਨਕਾਰਨ ਦਾ ਕੋਈ ਕਾਰਨ ਨਹੀਂ ਹੈ। ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਸਥਾਨਕ ਪ੍ਰਸਾਰਕ ਏ.ਬੀ.ਸੀ. ਨਿਊਜ਼ ਨੂੰ ਦਸਿਆ, ‘‘ਕੈਨੇਡੀਅਨ ਸਰਕਾਰ ਨੇ ਇਸ ਮਾਮਲੇ ’ਚ ਜੋ ਕਿਹਾ ਹੈ ਉਹ ਨਿਰਵਿਵਾਦ ਹੈ।’’

ਬਰਗੇਸ ‘ਫਾਈਵ ਆਈਜ਼’ ਖੁਫੀਆ ਭਾਈਵਾਲਾਂ ਦੀ ਮੀਟਿੰਗ ਲਈ ਕੈਲੀਫੋਰਨੀਆ ਗਏ ਹਨ, ਜਿਸ ’ਚ ਆਸਟ੍ਰੇਲੀਆ ਅਤੇ ਕੈਨੇਡਾ ਦੋਵੇਂ ਮੈਂਬਰ ਹਨ। ਉਨ੍ਹਾਂ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਦੇਸ਼ ’ਤੇ ਕਿਸੇ ਦੂਜੇ ਦੇਸ਼ ਵਲੋਂ ਉਸ ਦੇ ਕਿਸੇ ਨਾਗਰਿਕ ਦਾ ਕਤਲ ਕੀਤੇ ਜਾਣ ਦਾ ਦੋਸ਼ ਲਾਉਣਾ ਬਹੁਤ ਗੰਭੀਰ ਦੋਸ਼ ਹੈ। ਅਜਿਹਾ ਦੇਸ਼ਾਂ ਨੂੰ ਨਹੀਂ ਕਰਨਾ ਚਾਹੀਦਾ।’’
ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ‘ਫਾਈਵ ਆਈਜ਼’ ਖੁਫ਼ੀਆ ਭਾਈਵਾਲਾਂ ਦੀ ਮੀਟਿੰਗ ’ਚ ਕੈਨੇਡਾ-ਭਾਰਤ ਵਿਵਾਦ ’ਤੇ ਚਰਚਾ ਹੋਈ ਸੀ ਜਾਂ ਨਹੀਂ। ਆਸਟ੍ਰੇਲੀਆ ’ਚ ਸਿੱਖਾਂ ’ਤੇ ਇਸੇ ਤਰ੍ਹਾਂ ਦੀ ਹਿੰਸਾ ਦੇ ਡਰ ਦੇ ਜਵਾਬ ’ਚ, ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਕੋਈ ਦੇਸ਼ ਸਾਡੇ ਦੇਸ਼ ਅੰਦਰ ਦਖਲਅੰਦਾਜ਼ੀ ਕਰ ਰਿਹਾ ਹੈ ਜਾਂ ਦਖਲ ਦੇਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਅਸੀਂ ਉਨ੍ਹਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਾਂਗੇ।’’