ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸੈਂਟਰਲ ਪਾਰਕ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਜਾਨ ਗੁਆ ਬੈਠੇ ਪਠਾਨਕੋਟ ਦੇ 18 ਸਾਲਾ ਰੋਮਾਂਚ ਮਹਾਜਨ ਦੀ ਯਾਦ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਨਿਊਯਾਰਕ ਵਿੱਚ ਘੋੜਿਆਂ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਹੌਲੀ-ਹੌਲੀ ਬੰਦ ਕਰਨ ਲਈ ਪਹਿਲਾਂ ਤੋਂ ਪ੍ਰਸਤਾਵਿਤ ਬਿੱਲ “Ryder’s Law” ਨੂੰ ਹੁਣ “Romanch’s Law” ਨਾਮ ਦਿੱਤਾ ਜਾਵੇਗਾ।
ਇਸ ਬਾਰੇ ਐਲਾਨ ਨਿਊਯਾਰਕ ਸਿਟੀ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟੇ ਨੇ ਸੈਂਟਰਲ ਪਾਰਕ ਵਿੱਚ ਰੋਮਾਂਚ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਇਹ ਬਿੱਲ ਪਹਿਲਾਂ 2022 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਮੁੜ ਵਿਚਾਰ ਲਈ ਅੱਗੇ ਲਿਆਂਦਾ ਗਿਆ ਹੈ।
ਸ਼ਰਧਾਂਜਲੀ ਸਮਾਗਮ ਦੌਰਾਨ ਮਾਰਟੇ ਨੇ ਕਿਹਾ ਕਿ ਪਿਛਲੇ ਹਫ਼ਤੇ ਵਾਪਰੀ ਘਟਨਾ ਨੇ ਇੱਕ ਵਾਰ ਫਿਰ ਇਸ ਮਸਲੇ ਨੂੰ ਕੇਂਦਰ ਵਿੱਚ ਲਿਆ ਦਿੱਤਾ ਹੈ। ਇਸ ਮੌਕੇ ਮਹਾਜਨ ਪਰਿਵਾਰ ਵੱਲੋਂ ਭੇਜਿਆ ਗਿਆ ਇੱਕ ਪੱਤਰ ਵੀ ਪੜ੍ਹਿਆ ਗਿਆ, ਜਿਸ ਵਿੱਚ ਘੋੜਾ-ਗੱਡੀ ਸਵਾਰੀਆਂ ‘ਤੇ ਤੁਰੰਤ ਰੋਕ ਦੀ ਮੰਗ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਨਿਊਯਾਰਕ ਦੀ ਸਿਆਸਤ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਨਿਊਯਾਰਕ ਸਟੇਟ ਸੀਨੇਟਰ ਐਰਿਕ ਬਾਊਚਰ ਨੇ ਇਸ ਮਾਮਲੇ ‘ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਰੋਮਾਂਚ ਨਾਲ ਜੋ ਵਾਪਰਿਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰੋਮਾਂਚ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋਈ ਘੋੜਾ-ਗੱਡੀ ਤੋਂ ਛਾਲ ਮਾਰੀ ਅਤੇ ਆਪਣੀ ਜਾਨ ਗਵਾ ਬੈਠਾ।
ਸੀਨੇਟਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਪਹਿਲਾਂ ਵੀ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਹੁਣ ਸਿਰਫ਼ ਚਰਚਾ ਨਹੀਂ, ਸਗੋਂ ਕਾਰਵਾਈ ਦੀ ਲੋੜ ਹੈ। ਉਨ੍ਹਾਂ ਸਿਟੀ ਕੌਂਸਲ ਨੂੰ ਅਪੀਲ ਕੀਤੀ ਕਿ ਬਿੱਲ ਨੂੰ ਅੱਗੇ ਵਧਾ ਕੇ ਇਸ ‘ਤੇ ਫੈਸਲਾ ਕੀਤਾ ਜਾਵੇ।
ਇਹ ਬਿੱਲ ਪਹਿਲਾਂ “Ryder” ਨਾਂ ਦੇ ਇੱਕ ਘੋੜੇ ਦੀ ਯਾਦ ਵਿੱਚ ਜਾਣਿਆ ਜਾਂਦਾ ਸੀ, ਜਿਸ ਦੀ 2022 ਵਿੱਚ ਮੈਨਹੈਟਨ ਵਿੱਚ ਗੱਡੀ ਖਿੱਚਣ ਦੌਰਾਨ ਮੌਤ ਹੋ ਗਈ ਸੀ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਨਵੇਂ ਲਾਇਸੈਂਸ ਜਾਰੀ ਹੋਣ ਬੰਦ ਹੋ ਜਾਣਗੇ ਅਤੇ 1 ਜੂਨ 2028 ਤੋਂ ਘੋੜਾ-ਗੱਡੀਆਂ ਦੇ ਸੰਚਾਲਨ ਨੂੰ ਪੜਾਅਵਾਰ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਇਸੇ ਦੌਰਾਨ ਰੋਮਾਂਚ ਦੇ ਪਰਿਵਾਰ ਨੇ ਉਸਦੇ ਆਖ਼ਰੀ ਸਫ਼ਰ ਦੀ ਇੱਕ ਭਾਵੁਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਅਮਰੀਕਾ ਦੀ ਯਾਤਰਾ ਅਤੇ ਵੱਖ-ਵੱਖ ਥਾਵਾਂ ‘ਤੇ ਘੁੰਮਦਾ ਨਜ਼ਰ ਆ ਰਿਹਾ ਹੈ।














