ਚੰਡੀਗੜ੍ਹ : ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਬੀਤੀ ਸ਼ਾਮ ਧਮਾਕਾ ਹੋਇਆ। ਇਸ ਨਾਲ ਮੌਕੇ ‘ਤੇ ਖੜ੍ਹੀਆਂ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਆਸ-ਪਾਸ ਦੀ ਕੰਧ ‘ਤੇ ਛਰ੍ਹਿਆਂ ਦੇ ਨਿਸ਼ਾਨ ਪੈ ਗਏ। ਘਟਨਾ ਦੀਆਂ 2 ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ਵਿੱਚੋਂ ਇੱਕ ਵਿੱਚ ਵਿਅਕਤੀ ਗ੍ਰੇਨੇਡ ਬੰਬ ਸੁੱਟਦਾ ਦਿਖਾਈ ਦੇ ਰਿਹਾ ਹੈ, ਜਦਕਿ ਦੂਜੀ ਵੀਡੀਓ ਵਿੱਚ ਬਾਈਕ ‘ਤੇ ਜਾਂਦੇ ਦੋ ਲੋਕ ਦਿਖਾਈ ਦਿੱਤੇ ਹਨ, ਜਿਨ੍ਹਾਂ ਨੂੰ ਹਮਲਾਵਰ ਦੱਸਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵੀ ਵਾਇਰਲ ਹੋਈ ਹੈ, ਜਿਸ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਖ਼ਾਲਿਸਤਾਨੀ ਸੰਗਠਨ ਨੇ ਲਈ ਹੈ। ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਚੰਡੀਗੜ੍ਹ ਦੀ ਐਸ.ਐਸ.ਪੀ. ਕੰਵਰਦੀਪ ਕੌਰ ਨੇ ਕਿਹਾ ਸੀ ਕਿ ਕੋਈ ਕਰੂਡ (ਕੱਚੀ) ਵਰਗੀ ਚੀਜ਼ ਸੁੱਟੀ ਗਈ ਹੈ। ਚੰਡੀਗੜ੍ਹ ਪੁਲਿਸ ਅਤੇ ਸੀ.ਐਫ.ਐਸ.ਐਲ. (CFSL) ਦੀ ਟੀਮ ਭਾਜਪਾ ਦਫ਼ਤਰ ਦੇ ਬਾਹਰ ਜਾਂਚ ਵਿੱਚ ਜੁਟੀ ਹੋਈ ਹੈ।
ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਹੋਏ ਧਮਾਕੇ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ, ਇਸ ਹਮਲੇ ਵਿੱਚ GHD2P ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ। ਇਹ ਗ੍ਰੇਨੇਡ ਪਾਕਿਸਤਾਨ ਵਿੱਚ ਬਣਾਇਆ ਜਾਂਦਾ ਹੈ।
ਭਾਜਪਾ ਮੁੱਖ ਦਫ਼ਤਰ ਦੇ ਬਾਹਰ ਕਰੀਬ 30 ਫੁੱਟ ਦੀ ਦੂਰੀ ਤੋਂ ਗ੍ਰੇਨੇਡ ਸੁੱਟਿਆ ਗਿਆ ਸੀ। ਕੰਧ ਦੀ ਉਚਾਈ ਲਗਭਗ 3 ਫੁੱਟ ਹੈ, ਜਦਕਿ ਉਸ ਦੇ ਉੱਪਰ ਕਰੀਬ 2 ਫੁੱਟ ਉੱਚੀ ਐਲੂਮੀਨੀਅਮ ਦੀ ਗ੍ਰਿੱਲ ਲੱਗੀ ਹੋਈ ਹੈ। ਜਿਸ ਥਾਂ ‘ਤੇ ਗ੍ਰੇਨੇਡ ਡਿੱਗਿਆ, ਉੱਥੋਂ ਭਾਜਪਾ ਦਫ਼ਤਰ ਦੇ ਮੁੱਖ ਗੇਟ ਦੀ ਦੂਰੀ ਕਰੀਬ 25 ਫੁੱਟ ਦੱਸੀ ਜਾ ਰਹੀ ਹੈ। ਭਾਜਪਾ ਮੁੱਖ ਦਫ਼ਤਰ ਦੇ ਬਾਹਰ ਜਿੱਥੇ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਅੱਜ CRPF ਨੇ ਵੀ ਸੁਰੱਖਿਆ ਵਧਾ ਦਿੱਤੀ ਹੈ। ਕਈ ਨਵੇਂ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ।














