ਨੇਪਾਲ ਵਿਚ ਇਕ ਵੱਡੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। 40 ਭਾਰਤੀ ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਨਦੀ ਵਿੱਚ ਡਿੱਗ ਗਈ। ਬਚਾਅ ਕਾਰਜ ਜਾਰੀ ਹੈ। 11 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਨੇਪਾਲ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਤਨਹੁਨ ਜ਼ਿਲ੍ਹੇ ਵਿੱਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ ਹੈ। ਜ਼ਿਲ੍ਹਾ ਪੁਲਿਸ ਦਫ਼ਤਰ ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੰਬਰ ਪਲੇਟ ਵਾਲੀ ਬੱਸ ਯੂਪੀ ਐਫਟੀ 7623 ਦਰਿਆ ਵਿੱਚ ਡਿੱਗ ਗਈ। ਅਧਿਕਾਰੀ ਮੁਤਾਬਕ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ।