ਪਿਛਲੇ ਲੰਮੇ ਸਮੇਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਧੜੇ ਵਿਚਾਲੇ ਸ਼ਬਦੀ ਖਾਨਾ ਜੰਗੀ ਜ਼ੋਰਾਂ ‘ਤੇ ਚਲਦੀ ਰਹੀ ਹੈ ਜਿਸ ਦੀ ਸ਼ਿਕਾਇਤ ਬਾਜਵਾ ਤੇ ਵੜਿੰਗ ਧੜੇ ਵਲੋਂ ਪੰਜਾਬ ਕਾਂਗਰਸ ਇੰਚਾਰਜ ਦੇ ਮਾਰਫ਼ਤ ਹਾਈਕਮਾਨ ਤੱਕ ਕੀਤੀ ਗਈ ਪਰ ਉਸ ਦੇ ਬਾਵਜੂਦ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਬਜਾਏ ਕਾਂਗਰਸ ਹਾਈਕਮਾਂਨ ਵਲੋਂ ਹਾਲ ਹੀ ਵਿਚ ਪੰਜਾਬ ਕਾਂਗਰਸ ਚੋਣ ਕਮੇਟੀ ਦੀ ਜਾਰੀ ਸੂਚੀ ਵਿਚ ਸਿੱਧੂ ਦਾ ਨਾਮ ਪਾ ਦਿੱਤਾ ਗਿਆ । ਚੋਣ ਕਮੇਟੀ ‘ਚ ਸਿੱਧੂ ਦਾ ਨਾਮ ਦੇਖਣ ਮਗਰੋਂ ਪੰਜਾਬ ਕਾਂਗਰਸ ਦਾ ਸਿੱਧੂ ਵਿਰੋਧੀ ਧੜਾ ਬੇਹੱਦ ਔਖਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਸਿੱਧੂ ਵਿਰੋਧੀ ਧੜੇ ਵਲੋਂ ਸੂਚੀ ਜਾਰੀ ਹੋਣ ਤੱਕ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹਾਈ ਕਮਾਨ ਕੋਲ ਗੱਲ ਰੱਖੀ ਗਈ ਕਿ ਸਿੱਧੂ ਨੂੰ ਚੋਣ ਕਮੇਟੀ ਵਿਚ ਨਾ ਪਾਇਆ ਜਾਵੇ ਪਰ ਉਸ ਦੇ ਬਾਵਜੂਦ ਸਿੱਧੂ ਦਾ ਨਾਮ ਸ਼ਾਮਿਲ ਕਰ ਲਿਆ ਗਿਆ ਜਿਸ ਤੋਂ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਔਖੇ ਦੱਸੇ ਜਾ ਰਹੇ । ਇਸ ਦੇ ਚੱਲਦੇ ਹੀ ਬੀਤੇ ਕੱਲ੍ਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਕ ਸਮਾਗਮ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਹਾਜ਼ਰੀ ‘ਚ ਸਿੱਧੂ ਦਾ ਨਾਮ ਲਏ ਬਗੈਰ ਤਲਖ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਕਿਸੇ ਅੰਗ ‘ਚ ਜ਼ਹਿਰ ਭਰ ਜਾਵੇ ਤਾਂ ਉਸ ਨੂੰ ਕੱਟਣਾ ਹੀ ਠੀਕ ਰਹਿੰਦਾ ਹੈ । ਇਸ ਦੇ ਜਵਾਬ ‘ਚ ਨਵਜੋਤ ਸਿੰਘ ਸਿੱਧੂ ਨੇ ਵੀ ਕਹਿ ਦਿੱਤਾ ਕਿ ਜਿਸ ਨੇ ਆਪਣਾ ਅੰਗ ਕੱਟਣਾ ਹੈ ਕੱਟ ਲਵੇ ।