ਚੰਡੀਗੜ੍ਹ: ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਨਵਜੋਤ ਕੌਰ ਸਿੱਧੂ ਨੇ 2027 ਵਿਧਾਨ ਸਭਾ ਚੋਣ ਪਟਿਆਲਾ ਸ਼ਹਿਰੀ ਹਲਕੇ ਤੋਂ ਲੜਨ ਦਾ ਐਲਾਨ ਕੀਤਾ ਹੈ। ਉਹ ਇਹ ਚੋਣ ਆਪਣੀ ਨਵੀਂ ਗਠਤ ਕੀਤੀ ਭਾਰਤੀ ਰਾਸ਼ਟਰਵਾਦੀ ਪਾਰਟੀ ਵੱਲੋਂ ਲੜਨਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਸੀ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ‘ਚ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜੇਗੀ। ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ 3 ਸਾਲ ਦੀ ਉਮਰ ਤੋਂ ਹੀ ਘਰ ਤੋਂ ਸਮਾਜਿਕ ਕਾਰਜਾਂ ਲਈ ਬਾਹਰ ਜਾਂਦੀ ਸੀ, ਮੈਂ ਸੋਸ਼ਲ ਵਰਕਰ ਹਾਂ, ਮੈਂ ਪਾਲੀਟੀਸ਼ਨ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਵਿਚੋਂ ਇਹ ਪਤਾ ਲੱਗ ਗਿਆ ਕਿ ਕੋਈ ਵੀ ਪਾਰਟੀ ਪੰਜਾਬ ਲਈ ਕੁੱਝ ਨਹੀਂ ਕਰ ਰਹੀ ਤਾਂ ਭਾਰਤੀ ਰਾਸ਼ਟਰਵਾਦੀ ਪਾਰਟੀ ਨਿਕਲ ਕੇ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ 117 ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਲੱਭੇ ਜਾਣ ਅਤੇ ਉਹ ਇਸ ਕੰਮ ਲਈ ਲੋਕਾਂ ਵਿੱਚ ਜਾ ਕੇ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਸਮੇਂ 70-80 ਉਮੀਦਵਾਰ ਹਨ, ਜਿਹੜੇ ਦੂਜੀਆਂ ਪਾਰਟੀਆਂ ਤੋਂ ਪ੍ਰੇਸ਼ਾਨ ਹਨ। ਇਹ ਉਮੀਦਵਾਰ ਹਨ, ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਕਦੇ ਮਾਣ-ਸਤਿਕਾਰ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਅਹੁਦੇ ਨਾਲ ਨਿਵਾਜਿਆ ਗਿਆ।
ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਅਜਿਹੇ ਵਿਅਕਤੀਆਂ ਦੀ ਲੋੜ ਹੈ, ਜਿਹੜੇ ਲੋਕਾਂ ਨਾਲ ਜੁੜੇ ਹੋਣ, ਸਾਫ-ਸੁਥਰੇ ਅਕਸ ਵਾਲੇ ਅਤੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦੇ ਹੋਣ ਤੇ ਈਮਾਨਦਾਰ ਹੋਣ, ਕੋਈ ਵੀ ਅਜਿਹਾ ਵਿਅਕਤੀ ਪਾਰਟੀ ਨਾਲ ਜੁੜ ਸਕਦਾ ਹੈ।














