ਕੈਨੇਡਾ : ਸੋਸ਼ਲ ਮੀਡੀਆ ਪ੍ਰਭਾਵਕ ਨੈਨਸੀ ਗਰੇਵਾਲ ਦੇ ਕਤਲ ਕੀਤੇ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 45 ਸਾਲਾ ਨੈਨਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਮੰਗਲਵਾਰ ਰਾਤ 9:30 ਵਜੇ ਦੇ ਕਰੀਬ ਉਸਦੇ ਘਰ ਵਿੱਚ ਵਾਪਰੀ। ਇਸ ਦੀ ਪੁਸ਼ਟੀ ਲਾਸਾਲ ਪੁਲਿਸ ਨੇ ਕੀਤੀ ਹੈ।
ਕੈਨੇਡਾ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਮੰਗਲਵਾਰ (3 ਮਾਰਚ) ਦੀ ਰਾਤ ਨੂੰ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਪੈਰਾਮੈਡਿਕਸ ਰਾਤ ਕਰੀਬ ਸਾਢੇ 9 ਵਜੇ ਤੱਕ ਟੌਡ ਲੇਨ ਦੇ 2400 ਬਲਾਕ ਵਿੱਚ ਪਹੁੰਚੇ ਸਨ। ਸੂਚਨਾ ਮਿਲਣ ‘ਤੇ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕੋਈ ਮੰਗਲਵਾਰ ਰਾਤ ਨੂੰ ਵਿੰਡਸਰ ਵਿੱਚ ਨੈਨਸੀ ਗਰੇਵਾਲ ਦੇ ਘਰ ਵਿੱਚ ਦਾਖਲ ਹੋਇਆ ਹੈ ਅਤੇ ਉਸ ਤੇ ਚਾਕੂ ਨਾਲ ਵਾਰ ਕੀਤੇ। ਇਸ ਤੋਂ ਬਾਅਦ ਗਰੇਵਾਲ ਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਸੱਟਾਂ ਕਾਰਨ ਉਸਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਟੌਡ ਲੇਨ ‘ਤੇ ਜੰਗਲੀ ਖੇਤਰ ਦੇ ਆਲੇ-ਦੁਆਲੇ ਪੀਲੀ ਪੁਲਿਸ ਟੇਪ ਨਾਲ ਖੇਤਰ ਨੂੰ ਸਿਲ ਕੀਤਾ ਹੈ। ਇਹ ਹਰਬ ਗ੍ਰੇ ਪਾਰਕਵੇਅ ਦੇ ਨੇੜੇ ਪੈਦਲ ਚੱਲਣ ਵਾਲੇ ਰਸਤਿਆਂ ਦਾ ਪ੍ਰਵੇਸ਼ ਦੁਆਰ ਹੈ।
ਕੈਨੇਡੀਅਨ ਪੁਲਿਸ ਅਧਿਕਾਰੀ ਪੀਅਰਸ ਨੇ ਨੈਨਸੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਕਤਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਇਸਤੋਂ ਇਲਾਵਾ ਪੁਲਿਸ ਸ਼ੱਕੀਆਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ।














