ਵੈਨਕੂਵਰ : ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਵੈਨਕੂਵਰ ਵਿਖੇ ਸਜਾਏ 45ਵੇਂ ਸਾਲਾਨਾ ਨਗਰ ਕੀਰਤਨ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਵੇਖਿਆਂ ਹੀ ਬਣਦਾ ਸੀ। ਗੁਰਦਵਾਰਾ ਖਾਲਸਾ ਦੀਵਾਨ ਸੋਸਾਇਟੀ ਤੋਂ ਆਰੰਭ ਹੋਏ ਅਲੌਕਿਕ ਨਗਰ ਕੀਰਤਨ ਵਿਚ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਵਿਰਸੇ ਨੂੰ ਨੇੜਿਉਂ ਹੋ ਕੇ ਜਾਣਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੌਰਾਨ ਨਗਾੜਿਆਂ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ ਅਤੇ ਗੱਤਕੇ ਦੇ ਜੌਹਰ ਦਿਖਾ ਰਹੇ ਸਿੱਖ ਨੌਜਵਾਨ ਵੱਖਰੇ ਜਲੌਅ ਵਿਚ ਨਜ਼ਰ ਆਏ।
ਸਿੱਖ ਭਾਈਚਾਰੇ ਦੇ ਵੱਡੇ ਇਕੱਠ ਵਿਚ ਸੂਬਾਈ ਅਤੇ ਫੈਡਰਲ ਸਿਆਸਤਦਾਨ ਵੀ ਪੁੱਜੇ ਜਿਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ, ਵੈਨਕੂਵਰ ਸਾਊਥ ਤੋਂ ਐਮ.ਪੀ. ਅਤੇ ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਵੈਨਕੂਵਰ ਦੇ ਮੇਅਰ ਕੈਨ ਸਿਮ ਪ੍ਰਮੁੱਖ ਰਹੇ। ਡੇਵਿਡ ਈਬੀ ਨੇ ਕਿਹਾ ਕਿ ਸਿੱਖਾਂ ਨੇ ਲੰਮਾ ਸਮਾਂ ਵਿਤਕਰਾ ਹੰਢਾਇਆ ਪਰ ਕਰੜੀ ਮਿਹਨਤ ਦੇ ਦਮ ’ਤੇ ਕਾਮਯਾਬੀ ਦੇ ਝੰਡੇ ਝੁਲਾ ਦਿਤੇ। ਫੈਡਰਲ ਸਿਆਸਤ ਤੋਂ ਲੈ ਕੇ ਸੂਬਾਈ ਸਿਆਸਤ ਵਿਚ ਸਿੱਖ ਆਗੂਆਂ ਨੇ ਆਪਣਾ ਰੁਤਬਾ ਕਾਇਮ ਕੀਤਾ ਹੈ ਅਤੇ ਕਾਰੋਬਾਰੀ ਖੇਤਰ ਵਿਚ ਵੀ ਲਗਾਤਾਰ ਅੱਗੇ ਵਧ ਰਹੇ ਹਨ।