ਮੁਕਤਸਰ ਬਾਰ ਐਸੋਸੀਏਸ਼ਨ ਨੇ ਕੀਤਾ ਐਕਸਪੈਲ, ਲਾਈਸੈਂਸ ਰੱਦ ਕਰਨ ਦੀ ਕੌਂਸਲ ਨੂੰ ਸਿਫਾਰਿਸ਼, ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀਆਂ ਸਿਫਤਾਂ ਦੇ ਬੰਨੇ ਪੁਲ

ਮੁਕਤਸਰ ਸਾਹਿਬ :– ਮੁਕਤਸਰ ਸਾਹਿਬ ਵਿਖੇ ਤਸ਼ੱਦਦ ਦਾ ਸ਼ਿਕਾਰ ਹੋਇਆ ਵਕੀਲ ਵਰਿੰਦਰ ਸਿੰਘ ਮੁੱਕਰ ਗਿਆ ਅਤੇ ਉਸ ਨੇ ਚੁੱਪ-ਚਪੀਤੇ ਪੁਲਿਸ ਨਾਲ ਰਾਜੀਨਾਮਾ ਕਰ ਲਿਆ ਤੇ ਇਸ ਦੀ ਭਿਣਕ ਉਸ ਨੇ ਉਸ ਨਾਲ ਖੜ੍ਹਨ ਵਾਲੀ ਮੁਕਤਸਰ ਬਾਰ ਐਸੋਸੀਏਸ਼ਨ ਨੂੰ ਵੀ ਪੈਣ ਨਹੀਂ ਦਿੱਤੀ, ਜੋ ਕਿ ਆਪਣੇ ਆਪ ਨੂੰ ਠੱਗਿਆ ਹੋਇਆ ਮਹਿ ਸੂਸ ਕਰ ਰਹੀ ਹੈ। ਰਾਜੀਨਾਮੇ ਦੀ ਜਾਣਕਾਰੀ ਵਕੀਲ ਨੇ ਬਾਰ ਨੂੰ ਇੱਕ ਚਿੱਠੀ ਰਾਹੀਂ ਦਿੱਤੀ। ਦਿਲਚਸਪ ਗੱਲ ਤਾਂ ਇਹ ਹੈ ਕਿ ਜਿਥੇ ਉਸ ਨੇ ਰਾਜੀਨਾਮੇ ਦਾ ਜ਼ਿਕਰ ਕੀਤਾ ਹੈ ਉਥੇ ਉਸ ਨੇ ਸਾਰੀ ਚਿੱਠੀ ‘ਚ ਆਈ ਪੀ ਐਸ ਹਰਮਨਬੀਰ ਸਿੰਘ ਗਿੱਲ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ।

ਇਸ ਮਾਮਲੇ ਨੂੰ ਲੈ ਕੇ ਮੁਕਤਸਰ ਬਾਰ ਐਸੋਸੀਏਸ਼ਨ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਅਤੇ ਜਿਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕਿ ਵਕੀਲ ਵਰਿੰਦਰ ਸਿੰਘ ਨੂੰ ਬਾਰ ਐਸੋਸੀਏਸ਼ਨ ‘ਚੋ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੂੰ ਇਸ ਵਕੀਲ ਦਾ ਲਾਇਸੈਂਸ ਰੱਦ ਕਰਨ ਦੀ ਸ਼ਿਫਾਰਸ਼ ਕਰ ਦਿੱਤੀ ਹੈ।

ਇਸ ਮਾਮਲੇ ‘ਚ ਮੁਕਤਸਰ ਬਾਰ ਐਸੋਸੀਏਸ਼ਨ ਨੂੰ ਪੀੜਤ ਵਕੀਲ ਵਰਿੰਦਰ ਸਿੰਘ ਦੀ ਇੱਕ ਚਿੱਠੀ ਮਿਲੀ ਹੈ। ਜਿਸ ‘ਚ ਲਿਖਿਆ ਗਿਆ ਹੈ ਕਿ ਪੀੜਤ ਵਕੀਲ ਦਾ ਪੁਲਿਸ ਨਾਲ ਸਮਝੌਤਾ ਹੋ ਗਿਆ ਅਤੇ ਵਕੀਲ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਸਾਹਿਬ, ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈਕੋਰਟ, ਹਾਈਕੋਰਟ ਲਾਅ ਭਵਨ ਚੰਡੀਗੜ੍ਹ, ਪ੍ਰਧਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਅਤੇ ਸਮੂਹ ਵਕੀਲ ਭਾਈਚਾਰੇ ਦਾ ਨਾਲ ਖੜ੍ਹਨ ਲਈ ਧੰਨਵਾਦ ਕੀਤਾ ਗਿਆ ਹੈ।

ਚਿੱਠੀ ‘ਚ ਵਕੀਲ ਵੱਲੋਂ ਪੀੜਤ ਵਕੀਲ ਵਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਉਸ ਦਾ ਥਾਣਾ ਸਦਰ ਮੁਕਤਸਰ ਸਾਹਿਬ ‘ਚ ਪੁਲਿਸ ਮਹਿਕਮੇ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ ਗਿਲਾ ਸ਼ਿਕਵਾ ਦੂਰ ਹੋ ਗਿਆ ਹੈ। ਇਸ ਦੇ ਨਾਲ ਹੀ ਪੀੜਤ ਵਕੀਲ ਵੱਲੋਂ ਆਈ ਪੀ ਐਸ ਹਰਮਨਬੀਰ ਸਿੰਘ ਗਿੱਲ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਗਏ ਹਨ। ਚਿੱਠੀ ‘ਚ ਵਕੀਲ ਵਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਆਈ ਪੀ ਐਸ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਹੋਣਾ ਮੰਦਭਾਗਾ ਹੈ। ਹਰਮਨਬੀਰ ਸਿੰਘ ਗਿੱਲ ਇਮਾਨਦਾਰ, ਮਿਹਨਤੀ ਅਤੇ ਇਨਸਾਫ ਪਸੰਦ ਅਫਸਰ ਹਨ। ਉਨ੍ਹਾਂ ਦਾ ਤਬਾਦਲਾ ਹੋਣਾ ਜ਼ਿਲ੍ਹੇ ਦੀ ਬਹੁਤ ਵੱਡਾ ਘਾਟਾ ਹੈ। ਇਸ ਦੇ ਨਾਲ ਹੀ ਵਕੀਲ ਵਰਿੰਦਰ ਨੇ ਪੰਜਾਬ ਸਰਕਾਰ ਅੱਗੇ ਹਰਮਨਬੀਰ ਸਿੰਘ ਗਿੱਲ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਅਪੀਲ ਵੀ ਕੀਤੀ।

ਤੁਹਾਨੂੰ ਦੱਸ ਦਈਏ ਕਿ ਮੁਕਤਸਰ ਪੁਲਿਸ ਵੱਲੋਂ ਸੀਆਈਏ ਸਟਾਫ ਵਿੱਚ ਇੱਕ ਵਕੀਲ ਤੇ ਉਸਦੇ ਸਾਥੀ ਦੀ ਬੇਰਹਿਮੀ ਨਾਲ ਥਰਮ ਡਿਗਰੀ ਟਾਰਚਰ ਮਾਮਲੇ ਵਿੱਚ ਪੰਜਾਬ ਭਰ ਵਕੀਲਾਂ ਨੇ ਹਮਾਇਤ ‘ਚ ਆਉਂਦੇ ਹੋਏ 26 ਸਤੰਬਰ ਨੂੰ ਅਣਮਿੱਥੇ ਸਮੇਂ ਤੋਂ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਵਕੀਲ ਵਰਿੰਦਰ ਸਿੰਘ ਵੱਲੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੁਪਤ ਤਰੀਕੇ ਨਾਲ ਸਮਝੌਤਾ ਕਰਨ ਤੋਂ ਬਾਅਦ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ‘ਚ ਗੁੱਸਾ ਸਾਫ ਨਜ਼ਰ ਆ ਰਿਹਾ ਹੈ।