ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਤੇ ਉਸ ਦੇ ਸਾਥੀ ਨੂੰ ਅੱਜ ਪੁਲਿਸ ਨੇ ਡਰੱਗ ਮਾਮਲੇ ਵਿੱਚ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ,ਜਿੱਥੇ ਅੰਮ੍ਰਿਤਪਾਲ ਦੇ ਭਰਾ ਅਤੇ ਉਸ ਦੇ ਸਾਥੀ ਦਾ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਮਿਲਿਆ ਹੈ। ਫਿਲੌਰ ਪੁਲਿਸ ਸਟੇਸ਼ਨ ਮੁਖੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਫਿਲੌਰ ਕੋਰਟ ਤੋਂ ਰਿਮਾਂਡ ਨਹੀਂ ਮਿਲਿਆ ਸੀ। ਇਸ ਸਬੰਧੀ ਫਿਲੌਰ ਪੁਲੀਸ ਨੇ ਜਲੰਧਰ ਸੈਸ਼ਨ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਨੇ ਅੰਮ੍ਰਿਤਪਾਲ ਦੇ ਭਰਾ ਅਤੇ ਉਸ ਦੇ ਸਾਥੀ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਹੈਪੀ ਅਤੇ ਲਵਪ੍ਰੀਤ ਆਪਣੀ ਕ੍ਰੇਟਾ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਸੰਦੀਪ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ। ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਸੀ। ਇਸ ਸਬੰਧੀ ਐਸਐਸਪੀ ਅੰਕੁਲ ਗੁਪਤਾ ਦਾ ਕਹਿਣਾ ਸੀ ਕਿ ਪੁਲੀਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਿਲੌਰ ਹਾਈਵੇਅ ਤੋਂ ਕਾਬੂ ਕੀਤਾ ਸੀ। ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ‘ਚ ਬੈਠ ਕੇ ਦੋਵੇਂ ਡਰੱਗ ਲੈਣ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਕੋਲ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ ਸੀ।
ਦੱਸ ਦੇਈਏ ਕਿ ਬੀਤੇ ਦਿਨੀ ਫਿਲੌਰ ਦੀ ਦਿਹਾਤੀ ਪੁਲਿਸ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਚਾਰ ਗ੍ਰਾਮ ਆਈਸ ਡਰੱਗ ਸਮੇਤ ਗ੍ਰਿਫ਼ਤਾਰ ਕੀਤਾ ਸੀ।