ਚੰਡੀਗੜ੍ਹ ਦੇ ਸੈਕਟਰ-10 ਸਥਿਤ ਕੋਠੀ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਰੋਹਨ ਮਸੀਹ ਵਾਸੀ ਪਿੰਡ ਪਾਸੀਆ ਥਾਣਾ ਰਮਦਾਸ ਥਾਣਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਦਾ ਗਲਾਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ । ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਮੁਲਜ਼ਮ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਹਿਰਾਸਤ ਵਿੱਚ ਹੈ। ਸ਼ੁਰੂਆਤੀ ਜਾਂਚ ਵਿੱਚ ਰੋਹਨ ਨੇ ਗ੍ਰਨੇਡ ਹਮਲੇ ਦੀ ਗੱਲ ਕਬੂਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਘਟਨਾ ਦੇ ਦੋ ਦਿਨ ਪਹਿਲਾਂ ਉਸੇ ਆਟੋ ਰਾਹੀਂ ਬੰਗਲੇ ਦੀ ਰੇਕੀ ਕੀਤੀ ਸੀ, ਜਿਸ ਵਿੱਚ ਸਵਾਰ ਹੋ ਕੇ ਉਹ ਹਮਲਾ ਕਰਨ ਆਏ ਸਨ। ਪੁਲਿਸ ਨੇ ਉਸ ਇਲਾਕੇ ਦੀ CCTV ਰਿਕਾਰਡਿੰਗ ਵੀ ਜ਼ਬਤ ਕਰ ਲਈ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਖਿਲਾਫ਼ ਆਰਮਜ਼ ਤੇ UAPA ਸਣੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ 9 ਸਤੰਬਰ। ਨੂੰ ਚੰਡੀਗੜ੍ਹ ਪਹੁੰਚੇ ਸਨ। ਇਸਦੇ ਬਾਅਦ ਉਨ੍ਹਾਂ ਨੇ ਰੇਕੀ ਵੀ ਕੀਤੀ ਸੀ। ਜਿਸ ਵਾਲਵੋ ਬੱਸ ਰਾਹੀਂ ਉਹ ਚੰਡੀਗੜ੍ਹ ਆਏ ਸਨ, ਉਸਦੇ ਕੰਡਕਟਰ ਨੇ ਵੀ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਤੋਂ ਬੱਸ ਵਿੱਚ ਸਵਾਰ ਹੋਏ ਸਨ। ਉਸਨੇ ਦੱਸਿਆ ਕਿ ਮੁਲਜ਼ਮਾਂ ਨੇ ਬੱਸ ਵਿੱਚ ਆਪਣੀ ਟੀ-ਸ਼ਰਟ ਬਦਲੀ ਸੀ। ਇਸਦੇ ਬਾਅਦ ਉਨ੍ਹਾਂ ਨੇ ਆਟੋ ਵਿੱਚ ਵੀ ਆਪਣੀ ਟੀ-ਸ਼ਰਟ ਬਦਲੀ ਸੀ।

ਦੱਸ ਦਈਏ ਕਿ ਬੁੱਧਵਾਰ ਚੰਡੀਗੜ੍ਹ ਦੇ ਸੈਕਟਰ-10 ਵਿੱਚ ਕੋਠੀ ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਕਿ ਸ਼ਹਿਰ ਦਾ ਸਭ ਤੋਂ ਪੌਸ਼ ਇਲਾਕਾ ਹੈ। ਘਟਨਾ ਦੀ ਜਾਂਚ ਵਿੱਚ ਕ੍ਰਾਈਮ ਬ੍ਰਾਂਚ ਅਤੇ ਹੋਰ ਕਈ ਜਾਂਚ ਟੀਮਾਂ ਵੀ ਜੁਟੀਆਂ ਹੋਈਆਂ ਹਨ। ਪੁਲਿਸ ਨੇ ਆਸਪਾਸ ਦੀ ਸੀਸੀਟੀਵੀ ਕਬਜ਼ੇ ‘ਚ ਲੈ ਕੇ ਜਾਂਚ ਅਰੰਭੀ ਹੋਈ ਹੈ ਅਤੇ ਬੀਤੇ ਦਿਨ ਦੋਵਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਅਤੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ।