ਇੰਗਲੈਂਡ ਦੀ ਸੰਸਦ ਤੋਂ ਬਾਅਦ ਪੰਜਾਬ ਦੇ ਕਿਸਾਨੀ ਸੰਘਰਸ਼ ਦਾ ਮੁੱਦਾ ਕੈਨੇਡਾ ਦੇ ਇਕ ਸੂਬੇ ਦੀ ਵਿਧਾਨ ਸਭਾ ’ਚ ਵੀ ਗੂੰਜਿਆ ਹੈ। ਕੈਲਗਿਰੀ ਤੋਂ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਇਹ ਮੁੱਦਾ ਚੁਕਦਿਆਂ ਕਿਹਾ, ‘‘ਮੇਰੇ ਹਲਕੇ ਦੇ ਬਹੁਤ ਸਾਰੇ ਲੋਕ ਭਾਰਤ ’ਚ ਕਿਸਾਨਾਂ ’ਤੇ ਹੋ ਰਹੀ ਹਿੰਸਾ ਤੋਂ ਚਿੰਤਤ ਹਨ, ਜੋ ਇਕ ਵਾਰੀ ਫਿਰ ਅਪਣੀ ਮਿਹਨਤ ਦਾ ਵਾਜਬ ਮੁੱਲ ਪ੍ਰਾਪਤ ਕਰਨ ਲਈ ਦਿੱਲੀ ’ਚ ਪ੍ਰਦਰਸ਼ਨ ਲਈ ਜਾ ਰਹੇ ਹਨ।’
’28 ਫ਼ਰਵਰੀ ਨੂੰ ਅਸੈਂਬਲੀ ਦੇ ਪਹਿਲੇ ਸੈਸ਼ਨ ਦੌਰਾਨ ਅਪਣੇ ਬਿਆਨ ’ਚ ਉਨ੍ਹਾਂ ਕਿਹਾ, ‘‘ਭਾਰਤ ਦੇ ਕਿਸਾਨਾਂ ਵਲੋਂ, ਆਪਣੇ ਖ਼ੂਨ-ਪਸੀਨੇ ਤੋਂ ਵਾਜਬ ਆਮਦਨ ਕਮਾਉਣ ਲਈ, ਸ਼ੁਰੂ ਕੀਤਾ ਸ਼ਾਂਤਮਈ ਕਿਸਾਨ ਅੰਦੋਲਨ ਦਾ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੇ ਬਹੁਤ ਜ਼ਿਆਦਾ ਹਿੰਸਾ ਨਾਲ ਸਵਾਗਤ ਕੀਤਾ ਹੈ। ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਪਾਣੀ ਦੀਆਂ ਤੋਪਾਂ, ਰਬੜ ਦੀਆਂ ਗੋਲੀਆਂ ਅਤੇ ਧਾਤੂ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਤੇ ਸਰਕਾਰ ਦੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਅੰਨ੍ਹੇਵਾਹ ਕੁੱਟ-ਮਾਰ ਹੋਈ, ਹੱਡੀਆਂ ਟੁੱਟੀਆਂ, ਕਈ ਕਿਸਾਨ ਅੰਨ੍ਹੇ ਹੋ ਗਏ ਅਤੇ ਇੱਥੋਂ ਤਕ ਕਿ ਇਕ ਨੌਜੁਆਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ।’’
ਉਨ੍ਹਾਂ ਕਿਹਾ, ‘‘ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਕੈਨੇਡਾ ’ਚ ਰਹਿੰਦੇ ਪੰਜਾਬੀ ਮੂਲ ਦੇ ਲੋਕ ਪੰਜਾਬ ਦੇ ਪਿੰਡਾਂ ’ਚ ਰਹਿੰਦੇ ਅਪਣੇ ਪ੍ਰਵਾਰਾਂ ਕੋਲ ਜਾਣ ਦੀਆਂ ਯੋਜਨਾਵਾਂ ਬਣਾਉਂਦੇ ਹਨ। ਇਸ ਕਾਰਨ ਬਹੁਤ ਸਾਰੇ ਕੈਨੇਡਾ ਦੇ ਲੋਕ ਅਪਣੀ ਸੁਰਖਿਆ ਪ੍ਰਤੀ ਚਿੰਤਤ ਹਨ। ਮੈਨੂੰ ਉਮੀਦ ਹੈ ਕਿ ਇਸ ਅਸੈਂਬਲੀ ਦੇ ਸਾਰੇ ਮੈਂਬਰ ਇਸ ਗੱਲ ’ਤੇ ਸਹਿਮਤ ਹਨ ਕਿ ਲੋਕਤੰਤਰੀ ਦੇਸ਼ ਦੀਆਂ ਨੀਂਹਾਂ ’ਚੋਂ ਇਕ ਆਪਣੇ ਅਧਿਕਾਰਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ, ਜਿਵੇਂ ਕਿ ਅਮਨੈਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਹੈ। ਮੈਂ ਕਿਸਾਨਾਂ ਦੇ ਵਿਰੋਧ ਕਰਨ ਦੇ ਅਧਿਕਾਰ ਦਾ ਸਮਰਥਨ ਕਰਦਾ ਰਿਹਾ ਹਾਂ ਅਤੇ ਹਿੰਸਾ ਦੇ ਡਰ ਤੋਂ ਬਿਨਾਂ ਅਜਿਹਾ ਕਰਦਾ ਰਹਾਂਗਾ