ਪਰ ਸਵਾਗਤੀ ਬੋਰਡ ਹਿੰਦੀ ਵਿੱਚ ….
ਲੁਧਿਆਣਾ (ਬਲਬੀਰ ਸਿੰਘ ਬੱਬੀ) : ਪੰਜਾਬੀ ਲੱਖਾਂ ਪੰਜਾਬੀਆਂ ਦੀ ਮਾਂ ਬੋਲੀ ਹੈ ਤੇ ਪੰਜਾਬੀਆਂ ਦੀ ਪਛਾਣ ਹੀ ਮਾਂ ਬੋਲੀ ਕਰਕੇ ਦੁਨੀਆਂ ਭਰ ਵਿੱਚ ਹੈ । ਹੁਣ ਪੰਜਾਬੀ ਬੋਲੀ ਵਿੱਚ ਦਿਲਚਸਪੀ ਨੂੰ ਦੇਖਦਿਆਂ ਵਿਦੇਸ਼ੀ ਲੋਕ ਖਾਸ਼ ਕਰ ਗੋਰੇ ਵੀ ਪੰਜਾਬੀ ਬੋਲੀ ਤੇ ਭਾਸ਼ਾ ਸਿੱਖ ਬੋਲ ਰਹੇ ਹਨ। ਸਾਡੇ ਵਿਦਵਾਨ ਲੋਕ ਅਕਸਰ ਕਹਿ ਰਹੇ ਹਨ ਕਿ ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ਼ ਜਾਵੋਗੇ…।
ਪਰ ਬੜੀ ਹੈਰਾਨੀ ਹੋਈ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰ ਲੁਧਿਆਣਾ ਵਿੱਚ ਹੀ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਬੇਇੱਜ਼ਤੀ ਕੀਤੀ ਜਾ ਰਹੀ ਹੈ । ਲੁਧਿਆਣਾ ਵਿਚਲੀ ਖੇਤੀਬਾੜੀ ਯੂਨੀਵਰਸਿਟੀ ਨੂੰ ਕੌਣ ਨਹੀਂ ਜਾਣਦਾ ਜਿਸ ਦਾ ਸਿੱਧਾ ਸਬੰਧ ਕਿਸਾਨੀ ਨਾਲ ਹੈ ਜੋ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਹਨ। ਇਸ ਯੂਨੀਵਰਸਿਟੀ ਵਿੱਚ ਅਕਸਰ ਹੀ ਕਿਸਾਨੀ ਨਾਲ ਸਬੰਧਿਤ ਕਿਸਾਨ ਮੇਲੇ ਲੱਗਦੇ ਹਨ। ਅੱਜ ਕੱਲ੍ਹ ਵੀ ਇੱਕ ਮੈਗਾ ਕਿਸਾਨ ਮੇਲਾ ਚੱਲ ਰਿਹਾ ਹੈ। ਇਸ ਕਿਸਾਨ ਮੇਲੇ ਵਿੱਚ ਜੋ ਸਜਾਵਟੀ ਤੇ ਸਵਾਗਤੀ ਬੋਰਡ ਬਣੇ ਹਨ ਉਹ ਰੰਗਦਾਰ ਤੇ ਸ਼ਾਨਦਾਰ ਹਨ ਪਰ ਉਹ ਹਿੰਦੀ ਵਿੱਚ ਲਿਖੇ ਹੋਏ ਹਨ। ਇਨ੍ਹਾਂ ਹਿੰਦੀ ਵਿੱਚ ਲੱਗੇ ਬੋਰਡਾਂ ਨੂੰ ਦੇਖ ਕੇ ਪੰਜਾਬ ਦੇ ਵਿੱਚੋਂ ਆਏ ਹੋਏ ਕਿਸਾਨਾਂ ਨੇ ਇਤਰਾਜ਼ ਕੀਤਾ।
ਉਸ ਤੋਂ ਵੀ ਵੱਡਾ ਦੁੱਖ ਕਿ ਪੰਜਾਬੀ ਦੇ ਅਨੇਕਾਂ ਸਾਹਿੱਤਕਾਰ ਲੇਖਕ ਆਦਿ ਇਸ ਯੂਨੀਵਰਸਿਟੀ ਨਾਲ ਸਿੱਧਾ ਸਬੰਧ ਰੱਖਦੇ ਹਨ। ਇਸ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਡਾਕਟਰ ਜਾਂ ਹੋਰ ਉੱਚ ਅਧਿਕਾਰੀਆਂ ਦੀ ਨਿਗਾਹ ਇਨ੍ਹਾਂ ਹਿੰਦੀ ਵਾਲੇ ਬੋਰਡਾਂ ਤੇ ਨਹੀਂ ਪਈ ਜਾ ਫਿਰ ਅੱਖਾਂ ਹੀ ਬੰਦ ਹਨ। ਪੰਜਾਬੀ ਦੇ ਲੰਬੜਦਾਰ ਕਹਾਉਣ ਵਾਲੇ ਸੁਰਜੀਤ ਪਾਤਰ ਗੁਰਭਜਨ ਗਿੱਲ ਜ਼ਫਰ ਲੋਚੀ ਨਿਰਮਲ ਜੌੜਾ ਹੋਰ ਅਨੇਕਾਂ ਇਸੇ ਲੁਧਿਆਣਾ ਵਿੱਚ ਹਨ ਤੇ ਯੂਨੀਵਰਸਿਟੀ ਨਾਲ ਵੀ ਸਬੰਧ ਰੱਖਦੇ ਹਨ ਉਹ ਜਵਾਬ ਦੇਣਗੇ..।
ਹਾਂ ਨਾਲੇ ਪੰਜਾਬ ਸਰਕਾਰ ਨੇ ਖੁਦ ਸਰਕਾਰੀ ਤੌਰ ਉੱਤੇ ਕੋਈ ਵੀ ਬੋਰਡ ਪੰਜਾਬੀ ਵਿੱਚ ਲਾਉਣੇ ਜਰੂਰੀ ਕੀਤੇ ਹਨ ਕੀ ਇਹ ਗੱਲ ਯੂਨੀਵਰਸਿਟੀ ਵਾਲਿਆਂ ਤੇ ਲਾਗੂ ਨਹੀ ਹੁੰਦੀ। ਹਾਂ ਜੇ ਕੱਲ੍ਹ ਨੂੰ ਕੋਈ ਲੱਖਾ ਸਿਧਾਣਾਂ ਜਾ ਹੋਰ ਪੰਜਾਬੀ ਹਿਤੈਸ਼ੀ ਆ ਕੇ ਪੁੱਛ ਪੜਤਾਲ ਕਰਦਾ ਹੈ ਤਾਂ ਫਿਰ ਗਲਤ ਹੋ ਜਾਦਾਂ ਜਾਗੋ ਲੁਧਿਆਣਾ ਵਾਲਿਓ ਜਾਗੋ।