ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਪਤਨੀ (ਮਾਤਾ) ਗੁਜਰੀ ਜੀ ਸਿੱਖ ਧਰਮ ਦੀ ਪਹਿਲੀ ਸ਼ਹੀਦ ਇਸਤਰੀ ਕਹਾਏ।
ਮਾਤਾ ਗੁਜਰੀ ਦਾ ਜਨਮ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਭਾਈ ਲਾਲ ਚੰਦ ਜੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦਾ ਜਨਮ ਮਿਤੀ ਬਾਰੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਮਾਤਾ ਗੁਜਰੀ ਦਾ ਜੀਵਨ ਸਮੂਹ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ ਬੀਬੀਆਂ ਲਈ ਚਾਨਣ ਮੁਨਾਰਾ ਹੈ।
ਗੁਰ ਤੇਗ ਬਹਾਦਰ ਜੀ ਦੇ ਭਰਾ ਸੂਰਜ ਮੱਲ ਦਾ ਵਿਆਹ ਕਰਤਾਰ ਪੁਰ ਵਿਖੇ ਨਿਸ਼ਚਿਤ ਹੋਇਆ ਸੀ। ਗੁਰ ਤੇਗ ਬਹਾਦਰ ਜੀ ਬਰਾਤ ਨਾਲ ਆਏ ਹੋਏ ਸਨ ‌।
(ਮਾਤਾ) ਗੁਜਰੀ ਦੇ ਮਾਤਾ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪਸੰਦ ਕਰ ਲ਼ਿਆ ਸੀ ਤੇ ਉਸੇ ਦਿਨ ਹੀ (ਮਾਤਾ)ਗੁਜਰੀ ਜੀ ਨਾਲ ਮੰਗਣੀ ਕਰ ਦਿੱਤੀ ਸੀ। ਸੰਨ ਪੱਕੀ ਤਰ੍ਹਾਂ ਨਿਸ਼ਚਿਤ ਨਹੀਂ ਹੈ,ਸੰਨ 1632 ਜਾ 1633 ਵਿਚ ਅਨੰਦ ਕਾਰਜ ਵੀ ਕਰ ਦਿੱਤਾ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਤਲਵਾਰ ਦੇ ਧਨੀ ਸਨ। ਅਗਲੇ ਹੀ ਸਾਲ ਉਹਨਾਂ ਨੇ ਮੁਗਲ ਫੌਜਾਂ ਨੇ ਤੇਗ਼ ਬਹਾਦਰ ਜੀ ਨੇ ਜੰਗ ਵਿੱਚ ਤਲਵਾਰ ਦੇ ਖੂਬ ਜ਼ੋਹਰ ਵਿਖਾਏ । ( ਮਾਤਾ) ਗੁਜਰੀ ਜੀ ਨੇ ਕੋਠੇ ਦੀ ਛੱਤ ਉੱਪਰ ਚੜ ਕੇ ਆਪਣੇ ਪਤੀ ਨੂੰ ਤੇਗ਼ ਵਾਹੁੰਦੇ ਵੇਖਿਆਂ ਤੇ ਰਤਾ ਵੀ ਨਾ ਘਬਰਾਏ , ਸਗੋਂ ਪ੍ਰਸੰਨ – ਚਿੱਤ ਰਹੇ। ਇਸ ਜੰਗ ਦੇ ਦੂਜੇ ਦਿਨ ਇੱਕ ਜੰਗ ਫਗਵਾੜੇ ਕੋਲ ਹੋਈ। ਜਿਸ ਦੇ ਮਗਰੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਾਰਾ ਪਰਿਵਾਰ ਕੀਰਤਪੁਰ ਸਾਹਿਬ ਆ ਗਿਆ। ਇਥੇ ਮਾਤਾ ਗੁਜਰੀ ਨੇ ਲਗਭਗ ਨੋ ਸਾਲ ਸਹੁਰੇ ਪਰਿਵਾਰ ਅਤੇ ਸੰਗਤਾਂ ਦੀ ਸੇਵਾ ਵਿਚ ਗੁਜ਼ਾਰ ਦਿੱਤਾ ।
(ਗੁਰ) ਤੇਗ਼ ਬਹਾਦਰ ਜੀ ਦੀ ਗਹਿਰ- ਗੰਭੀਰ ਅਤੇ ਉੱਚੀ ਅਧਿਆਤਮਕ ਸ਼ਖ਼ਸੀਅਤ ਦਾ ਪ੍ਰਭਾਵ ਖੁਸ਼ ਤੌਰ ਤੇ ਗ੍ਰਹਿਣ ਕੀਤਾ ।
ਗੁਰ ਤੇਗ਼ ਬਹਾਦਰ ਜੀ ਬਹੁਤ ਸਮਾਂ ਪ੍ਰਭੂ ਦੀ ਸਿਫ਼ਤ – ਸਲਾਹ ਵਿੱਚ ਗੁਜ਼ਾਰਦੇ ਜਾ ਮਿਲਣ ਆਏ ਗੁਰਸਿੱਖਾਂ ਨਾਲ ਗੁਰਮਤਿ – ਵਿਚਾਰਾਂ ਕਰਦੇਂ। ਮਾਤਾ ਗੁਜਰੀ ਜੀ ਪਰਿਵਾਰ ਦੀ ਅਤੇ ਆਏ ਗਏ ਦੀ ਸੇਵਾ ਵਿਚ ਲੀਨ ਰਹਿੰਦੇ। ਹਰ ਨਵੀਂ ਵਿਆਹੀ ਦਾ ਮਾਂ ਬਣਨ ਦੀ ਇੱਛਾ ਰੱਖਦੀ ਹੈ। ਮਾਤਾ ਗੁਜਰੀ ਦੀ ਦੀ ਵੀ ਇੱਛਾ ਹੋਵੇਗੀ, ਪਰ ਬਕਾਲੇ ਰਹਿੰਦੀਆਂ ਪ੍ਰਭੂ ਵੱਲੋਂ ਬੱਚੇ ਦੀ ਦਾਤ ਪ੍ਰਾਪਤ ਹੋ ਚੁੱਕੀ ਸੀ – ਭਾਣੇ ਵਿਚ ਰਹਿਣ ਦੀ ਦਾਤ
ਲਗਭਗ ਬਾਰਾਂ ਕੁ ਸਾਲ ਬਾਅਦ ਗੁਰੂ ਜੀ ਪਰਿਵਾਰਕ ਮੈਂਬਰਾਂ ਦੇ ਕੁਝ ਗੁਰਸਿੱਖਾਂ ਸਮੇਤ ਮੁਕਤੇਸ਼ਵਰ ਦੀ ਪ੍ਰਚਾਰ ਯਾਤਰਾ ਤੇ ਗਏ।
       ਮਾਤਾ ਗੁਜਰੀ ਵੀ ਮੁਕਤੇਸ਼ਵਰ ਦੀ ਪ੍ਰਚਾਰ ਯਾਤਰਾ ਤੇ ਨਾਲ ਗਏ ਸਨ। ਦੋ ਕੁ ਸਾਲਾਂ ਮਗਰੋਂ ( ਗੁਰੂ) ਤੇਗ਼ ਬਹਾਦਰ ਜੀ ਗੁਰਸਿੱਖਾਂ ਸਮੇਤ ਪੁਰਬੀ ਭਾਰਤ ਦੇ ਦੌਰੇ ਤੇ ਗਏ, ਪਰ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਬਕਾਲੇ ਹੀ ਰਹੇ।
ਗੁਰ ਤੇਗ਼ ਬਹਾਦਰ ਜੀ ਨੇ ਅਕਤੂਬਰ 1665 ਵਿੱਚ ਪੂਰਬ ਦੀ ਦੂਜੀ ਪ੍ਰਚਾਰ – ਯਾਤਰਾ ਆਰੰਭ ਕੀਤੀ । ਹੋਰ ਸਿੱਖਾਂ ਤੋਂ ਇਲਾਵਾ ਮਾਤਾ ਗੁਜਰੀ ਜੀ ਵੀ ਨਾਲ ਸਨ। ਉਨਾਂ ਨੂੰ ਪਟਨਾ ਵਿਖੇ ਛੱਡ ਕੇ ਗੁਰੂ ਜੀ ਆਸਾਮ ਵੱਲ ਚਲੇ ਗਏ। ਪਟਨੇ ਦਸੰਬਰ,1666 ਵਿਚ ਮਾਤਾ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਦੇ ਪਿਤਾ ਬੰਗਾਲ -ਅਸਾਮ ਦੇ ਪ੍ਰਚਾਰ ਦੌਰੇ ‘ਤੇ ਸਨ। ਮਾਤਾਵਾਂ ਜੀ ਨੇ ਬਾਲਕ ਦੀ ਹਰ ਪੱਖੋਂ ਸਾਂਭ ਸੰਭਾਲ ਕਰਨ ਦੇ ਨਾਲ,ਉਸ ਦੇ ਅੰਦਰ ਸਿੱਖੀ ਗੁਣਾਂ ਦਾ ਸੰਚਾਰ ਕੀਤਾ : ਬਚਪਨ ਵਿੱਚ ਹੀ ਉਹ ਨਿਰਵੈਰਤਾ ਅਤੇ ਨਿਡਰਤਾ ਦੇ ਗੁਣਾਂ ਨਾਲ ਭਰਪੂਰ ਹੋ ਗਏ।
ਗੈਰ ਮੁਸਲਮਾਨ ਖਾਸ ਤੌਰ ਤੇ ਹਿੰਦੂ ਦਾ ਧਰਮ ਤੇ ਸਭਿਆਚਾਰ ਸਿਆਸੀ ਅੱਤਿਆਚਾਰਾਂ ਦਾ ਸ਼ਿਕਾਰ ਹੋ ਚੁੱਕਾ ਸੀ। ਗੁਰ ਤੇਗ਼ ਬਹਾਦਰ ਜੀ ਦੀ ਸਰਗਰਮੀਆਂ ਤੋਂ ਪ੍ਰਤੱਖ ਸੀ ਕਿ ਉਹ ਮਜ਼ਲੂਮਾਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਦਾ ਹਰ ਹੀਲਾ ਵਸੀਲਾ ਕਰਨਗੇ।
ਸਾਹਿਬਜ਼ਾਦਾ ਗੋਬਿੰਦ ਰਾਇ ਅਜੇ ਬਚਪਨ ਵਿੱਚ ਹੀ ਸੀ।
ਆਖ਼ਿਰ ਨੂੰ ਉਹੀ ਗੱਲ ਹੋਈ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰੱਖਿਆਂ ਲਈ ਗੁਰੂ ਤੇਗ਼ ਬਹਾਦਰ ਕੋਲ ਫਰਿਆਦ ਲੈ ਕੇ ਆਏ। 9 ਸਾਲ ਦੇ ਸਾਹਿਬਜ਼ਾਦੇ ਗੋਬਿੰਦ ਰਾਇ ਨੇ ਬ੍ਰਾਹਮਣਾਂ ਦਾ ਧਰਮ ਬਚਾਉਣ ਲਈ ਗੁਰੂ-ਪਿਤਾ ਨਾਲ ਸਹਿਮਤੀ ਪ੍ਰਗਟ ਕੀਤੀ। ਗੁਰ ਤੇਗ਼ ਬਹਾਦਰ ਜੀ ਜੁਲਾਈ 1675 ਵਿਚ ‘ਸ਼ਹੀਦੀ ਯਾਤਰਾ’ ਤੇ ਤੁਰ ਪਏ। ਗੁਰ ਜੀ ਨੂੰ ਸ਼ਹੀਦੀ ਯਾਤਰਾ ਤੇ ਤੁਰ ਜਾਣ ਸਮੇਂ ਮਾਤਾ ਗੁਜਰੀ ਜੀ ਨੇ ਦਿ੍ੜਤਾ ਤੇ ਚੜਦੀ ਕਲਾ ਦਾ ਸਬੂਤ ਦਿੱਤਾ।
ਘਰੋਂ ਚੱਲਣ ਦੇ ਚਾਰ ਮਹੀਨਿਆਂ ਮਗਰੋਂ ਗੁਰੂ ਤੇਗ਼ ਬਹਾਦਰ ਜੀ ਅਤੇ ਉਹਨਾਂ ਦੇ ਤਿੰਨ ਸਿੱਖਾਂ ਨੂੰ ਜ਼ਾਲਮ ਸਰਕਾਰ ਨੇ ਘੌਰ ਤਸੀਹੇ ਦੇ ਕੇ 11 ਨਵੰਬਰ ਨੂੰ 1675 ਨੂੰ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਦੇ ਪਤੀ ਦੇ ਧੜ ਦਾ ਸਸਕਾਰ ਦਿੱਲੀ ਵਿੱਚ ਹੀ ਕੀਤਾ ਗਿਆ, ਕੇਵਲ ‘ਸੀਸ’ ਹੀ ਭਾਈ ਜੈਤਾ ਜੀ ਉਨ੍ਹਾਂ ਦੇ ਸਾਥੀ ਭਾਈ ਨਾਨੂ ਤੇ ਭਾਈ ਊਦਾ ਜੀ ਕੀਰਤਪੁਰ ਸਾਹਿਬ ਲੈ ਕੇ ਆਏ।
ਪਹਿਲਾਂ ਤਾਂ ਖੌਫਨਾਕ ਸ਼ਹੀਦੀ, ਫਿਰ ‘ਸੀਸ’ ਦਾ ਪੁੱਜਣਾ ਅਜਿਹੀਆਂ ਘਟਨਾਵਾਂ ਦਿਲ ਦਹਿਲਾਉਣ ਵਾਲੀਆਂ ਸਨ‌ ..ਪਰ ਇੱਥੇ ਮਾਤਾ ਜੀ ਜ਼ਰਾ ਵੀ ਨਾ ਘਬਰਾਏ, ਸਗੋਂ ਸ਼ਾਂਤ – ਚਿੱਤ ਅਤੇ ਸਹਿਜ ਵਿੱਚ ਰਹੇ, ਸੰਗਤਾਂ ਨੂੰ ਵੀ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ‌
ਗੁਰ ਪਤੀ ਦੇ ਅੱਗੇ ਸੀਸ ਨਿਵਾ ਕੇ ਕਿਹਾ – ਤੁਹਾਡੀ ਨਿਭ ਆਈ। ਇਹ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ।
ਗੁਰ ਤੇਗ਼ ਬਹਾਦਰ ਜੀ ਦੇ ਸੀਸ ਦਾ ਸਸਕਾਰ ਆਨੰਦਪੁਰ ਸਾਹਿਬ ਲਿਆ ਕੇ ਕੀਤਾ ਗਿਆ।
ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਲਗਭਗ 15 ਸਾਲ ਅਨੰਦਪੁਰ ਸਾਹਿਬ ਅਮਨ – ਅਮਾਨ ਰਿਹਾ। ( ਭੰਗਾਣੀ ਦੀ ਲੜਾਈ ਅਨੰਦਪੁਰ ਤੋਂ ਦੂਰ ਪਊਟਾ ਸਾਹਿਬ ਕੋਲ ਹੋਈ ਸੀ।)
ਮਾਤਾ ਜੀ ਕੌਲ ਸੰਸਾਰਕ ਸੁੱਖਾਂ ਦੇ ਸਾਧਨ ਮੌਜੂਦ ਸਨ,ਪਰ ਆਪ ਨੇ ਰਾਜ ਵਿੱਚ ਯੋਗ ਕਮਾਇਆ। ਗੁਰਮਤਿ ਮਾਰਗ ‘ਤੇ ਦਿ੍ੜਤਾ ਨਾਲ ਚਲਦਿਆਂ ਹੋਇਆਂ ਨਿਮਰਤਾ , ਹਲੀਮੀ, ਮਿੱਠਾ ਬੋਲਣਾ,ਉਦਾਰ – ਚਿੱਤ ਹੋਣਾ , ਲੋੜਵੰਦਾ ਦੀ ਸਹਾਇਤਾ ਕਰਨੀ ,ਧੀਰਜ ਦਾ ਪੱਲਾ ਫੜ ਕੇ ਸਬਰ ਸੰਤੋਖ ਵਿਚ ਰਹਿਣਾਂ, ਆਦਿਕ ਗੁਣ ਆਪ ਜੀ ਦੀ ਸ਼ਖ਼ਸੀਅਤ ਵਿਚ ਡੁਲ੍ਹ -ਡੁਲ੍ਹ ਪੈਂਦੀ ਹੈ। ਮਾਤਾ ਸਿੱਖੀ ਜੀਵਨ ਦੀ ਜਿਊਂਦੀ ਜਾਗਦੀ ਮੂਰਤ ਸਨ।

ਖਾਲਸਾ ਪੰਥ ਦੀ ਸਿਰਜਨ ਸਮੇਂ ਕੁਝ ਕੱਚੇ ਪਿੱਲੇ ਸਿੱਖ ਤੇ ਮਸੰਦ ਮਾਤਾ ਜੀ ਕੋਲ ਆਏ ਤੇ ਸ਼ਿਕਾਇਤ ਲੈ ਕੇ ਗਏ ਸਨ ਕਿ ਗੁਰੂ ਜੀ ਆਪਣੇ ਹੀ ਸਿੱਖਾਂ ਨੂੰ ਕਤਲ ਕਰਨ ਲੱਗ ਪਏ ਹਨ, ਉਹਨਾਂ ਨੂੰ ਰੋਕਿਆਂ ਜਾਵੇ। ਇਹ ਸੁਣ ਮਾਤਾ ਜੀ ਪ੍ਰੇਸ਼ਾਨ ਨਾ ਹੁੰਦੇ ਹੋਏ ਕੱਚੇ ਪਿੱਲੇ ਸਿੱਖਾਂ ਨੂੰ ਧੀਰਜ ਰੱਖਣ ਲਈ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਦੇ ਸਪੁੱਤਰ ਸਨ ਪਰ ਉਹ ਵੀ ‘ਗੁਰੂ’ ਜੀ ਸਨ। ਮਾਤਾ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਗੁਰੂ ਦੇ ਕੰਮਾਂ ਵਿੱਚ ਦਖ਼ਲ ਨਹੀਂ ਦਿੱਤਾ ਜਾ ਸਕਦਾ।
ਆਨੰਦਪੁਰ ਨੂੰ ਖਾਲੀ ਕਰਨ ਦੇ ਨਾਲ ਗੁਰੂ – ਪਰਿਵਾਰ ਅਤੇ ਸਮੁੱਚੇ ਸਿੱਖ – ਪੰਥ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਸਰਸਾ ਨਦੀ ਦੇ ਕੰਢੇ ‘ਤੇ ਦੁਸ਼ਮਣਾਂ ਨੇ ਗਊ- ਮਾਤਾ’ ਅਤੇ ‘ਪਵਿੱਤਤਰ ਕੁਰਾਨ’ ਦੀਆਂ ਸੋਹਾਂ ਭੁਲਾਂ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ।
ਸਰਸਾ ਨਦੀ ਦੇ ਆਏ ਤੇਜ਼ ਵਹਾਅ ਨੇ ਸਾਰੇ ਹੀ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਪੁਰਾਣਾ ਨੋਕਰ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ । ਪੈਸਿਆਂ ਦੇ ਲਾਲਚ ਵਸ ਪੈ ਕੇ ਮੋਰਿੰਡੇ ਦੇ ਥਾਣੇ ਵਿੱਚ ਕੈਦ ਕਰਵਾ ਦਿੱਤਾ। ਉਥੋਂ ਸਰਹੰਦ ਲਿਜਾਏ ਗਏ।
ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ,ਜਿੱਥੇ ਮਾਤਾ ਜੀ ਤੇ  ਬੱਚਿਆਂ ਨੂੰ ਅਤਿ ਦੀ ਸਰਦੀ ਵਿੱਚ ਬਿਨਾਂ ਗਰਮ ਕੱਪੜਿਆਂ ਤੋਂ ਰੱਖਿਆਂ ਗਿਆ। ਇਸ ਹੀ ਬੁਰਜ ਤੋਂ ਮਾਤਾ ਜੀ ਆਪਣੇ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਹਰ ਰੋਜ਼ 9 ਤੋਂ 7 ਸਾਲ ਦੀ ਉਮਰ ਦੇ ਪੋਤਰਿਆਂ ਨੂੰ ਆਪਣੇ ਧਰਮ ‘ਤੇ ਸਦਿ੍ੜ ਰਹਿਣ ਦੀ ਸਿੱਖਿਆ ਦੇ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਭੇਜਦੇ ਰਹੇ। ਸੂਬੇ ਸਰਹਿੰਦ ਤੇ ਉਸ ਦੇ ਅਹਿਲਕਾਰਾਂ ਵੱਲੋਂ ਇੰਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ। ਪਰ ਗੁਰੂ ਦੇ ਲਾਲ ਅਡੋਲ ਰਹੇ। ਆਖਿਰਕਾਰ ਸੂਬੇ ਵੱਲੋਂ ਇਨ੍ਹਾਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਦੇ ਇਹ ਸੂਰਬੀਰ ਪੁੱਤਰ ਸਿੱਖੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸ਼ਹੀਦੀਆਂ ਪਾ ਗਏ । ਮਾਤਾ ਗੁਜਰੀ ਜੀ ਆਪਣੇ ਜਿਗਰ ਦੇ ਟੋਟਿਆਂ ਦਾ ਵਿਛੋੜਾ ਨਾ ਸਹਾਰਦੇ ਹੋਏ ਅਕਾਲ ਪੁਰਖ ਨੂੰ ਪਿਆਰੇ ਹੋ ਗਏ।
– ਗਗਨਪ੍ਰੀਤ ਸੱਪਲ ਪਿੰਡ ਘਾਬਦਾਂ ਜ਼ਿਲਾ ਸੰਗਰੂਰ
ਫੋਨ ਨੰਬਰ – 6280157535