ਚੀਨ: ਦੱਖਣ-ਪੂਰਬੀ ਚੀਨ ਦੇ ਜਿਨਜਿਆਂਗ ਸ਼ਹਿਰ ਵਿੱਚ ਸਥਿਤ ਇੱਕ ਜੁੱਤੀਆਂ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ‘ਸ਼ਿਨਹੂਆ’ ਵੱਲੋਂ ਜਾਰੀ ਵੀਡੀਓ ਵਿੱਚ ਫੈਕਟਰੀ ਦੀ ਇਮਾਰਤ ਵਿੱਚੋਂ ਉੱਚੀਆਂ-ਉੱਚੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਇਸ ਦੇ ਨਾਲ ਹੀ ਅਸਮਾਨ ਵਿੱਚ ਕਾਲੇ ਧੂੰਏਂ ਦਾ ਇੱਕ ਵਿਸ਼ਾਲ ਗੁਬਾਰ ਫੈਲਿਆ ਹੋਇਆ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਕੁਝ ਲੋਕ ਫੈਕਟਰੀ ਦੀ ਛੱਤ ‘ਤੇ ਫਸੇ ਹੋਏ ਵੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਸ ਅੱਗ ਵਿੱਚ “ਭਾਰੀ ਜਾਨੀ ਨੁਕਸਾਨ” ਹੋਇਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ।
ਫੂਜਿਆਨ ਸੂਬੇ ਦਾ ਜਿਨਜਿਆਂਗ ਸ਼ਹਿਰ ਚੀਨ ਦੇ ਪ੍ਰਮੁੱਖ ਫੁੱਟਵੀਅਰ ਨਿਰਮਾਣ ਕੇਂਦਰਾਂ ਵਿੱਚ ਸ਼ਾਮਲ ਹੈ। ਜੁੱਤਾ ਉਦਯੋਗ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਦੇ ਕਾਰਨ ਇਸਨੂੰ ਅਕਸਰ “ਚੀਨ ਦੀ ਜੁੱਤਾ ਰਾਜਧਾਨੀ ਕਿਹਾ ਜਾਂਦਾ ਹੈ। ਇਹ ਅੱਗ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ 12 ਵਜੇ ਹੁਈਟੇਂਗ ਫੁੱਟਵੀਅਰ ਫੈਕਟਰੀ ਵਿੱਚ ਲੱਗੀ ਸੀ।
ਮੁੱਢਲੀ ਜਾਣਕਾਰੀ ਅਨੁਸਾਰ ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ, ਜਿਸ ਕਾਰਨ ਕਈ ਕਰਮਚਾਰੀ ਅੰਦਰ ਅਤੇ ਛੱਤ ‘ਤੇ ਫਸ ਗਏ। ਰਾਹਤ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ ਹਾਦਸੇ ਵਿੱਚ 28 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨੁਕਸਾਨ ਦਾ ਮੁਲਾਂਕਣ ਜਾਰੀ ਹੈ।
ਅੱਗ ਲੱਗਦੇ ਹੀ ਫੈਕਟਰੀ ਕੰਪਲੈਕਸ ਵਿੱਚ ਭਾਜੜ ਮਚ ਗਈ। ਕੁਝ ਕਰਮਚਾਰੀ ਸਮਾਂ ਰਹਿੰਦੇ ਬਾਹਰ ਨਿਕਲਣ ਵਿੱਚ ਸਫਲ ਰਹੇ, ਜਦੋਂ ਕਿ ਕਈ ਲੋਕ ਇਮਾਰਤ ਦੇ ਅੰਦਰ ਅਤੇ ਛੱਤ ‘ਤੇ ਫਸ ਗਏ। ਚਸ਼ਮਦੀਦਾਂ ਅਨੁਸਾਰ ਕੁਝ ਲੋਕ ਜਾਨ ਬਚਾਉਣ ਲਈ ਉੱਪਰਲੀਆਂ ਮੰਜ਼ਿਲਾਂ ਵੱਲ ਭੱਜੇ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸਥਾਨਕ ਪ੍ਰਸ਼ਾਸਨ ਅਨੁਸਾਰ ਰਾਹਤ ਅਤੇ ਬਚਾਅ ਕਾਰਜਾਂ ਲਈ 183 ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। 35 ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਵਾਹਨ ਭੇਜੇ ਗਏ। ਕਈ ਘੰਟਿਆਂ ਤੱਕ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਸ਼ਾਮ ਤੱਕ ਖੁੱਲ੍ਹੀਆਂ ਲਪਟਾਂ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਸੀ, ਪਰ ਫੈਕਟਰੀ ਕੰਪਲੈਕਸ ਵਿੱਚ ਧੂੰਆਂ ਬਣਿਆ ਰਿਹਾ।














