ਬੀਜ਼ਿੰਗ : ਚੀਨ ਦੇ ਉੱਤਰੀ ਸੂਬੇ ਸ਼ਾਨਸ਼ੀ ਦੀ ਇੱਕ ਕੋਲਾ ਖਦਾਨ ਵਿੱਚ ਵੱਡਾ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਘੱਟੋ-ਘੱਟ 82 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਮਜ਼ਦੂਰ ਅਜੇ ਵੀ ਖਦਾਨ ਵਿੱਚ ਫਸੇ ਹੋਏ ਹਨ।
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਘਟਨਾ ਵਾਲੀ ਥਾਂ ‘ਤੇ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਖਦਾਨ ਵਿੱਚ 247 ਮਜ਼ਦੂਰ ਮੌਜੂਦ ਸਨ। ਫਿਲਹਾਲ ਅਜੇ ਵੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਦੇ ਅਨੁਸਾਰ, ਚਾਂਗਝੀ ਸ਼ਹਿਰ ਦੀ ਲਿਊਸ਼ੇਨਿਊ ਕੋਲਾ ਖਦਾਨ ਵਿੱਚ ਇਹ ਹਾਦਸਾ ਸ਼ੁੱਕਰਵਾਰ ਦੇਰ ਸ਼ਾਮ ਵਾਪਰਿਆ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਕਰੀਬ 247 ਮਜ਼ਦੂਰ ਇਸ ਖਾਣ ਵਿੱਚ ਕੰਮ ਕਰ ਰਹੇ ਸਨ। ਸ਼ਿਨਹੂਆ ਅਨੁਸਾਰ ਹਾਦਸੇ ਦੇ ਸਮੇਂ ਲਗਭਗ 247 ਮਜ਼ਦੂਰ ਖਾਣ ਦੇ ਹੇਠਾਂ ਫਸੇ ਹੋਏ ਸਨ।ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਮਜ਼ਦੂਰਾਂ ਦੇ ਬਚਾਅ ਲਈ ਪੂਰੀ ਤਾਕਤ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਸ਼ਾਨਸ਼ੀ ਪ੍ਰਾਂਤ ਨੂੰ ਚੀਨ ਦਾ ਮੁੱਖ ਕੋਲਾ ਉਤਪਾਦਕ ਸੂਬਾ ਮੰਨਿਆ ਜਾਂਦਾ ਹੈ। ਯੂਨਾਨ ਤੋਂ ਵੀ ਵੱਡੇ ਇਸ ਸੂਬੇ ਦੀ ਆਬਾਦੀ ਕਰੀਬ ਤਿੰਨ ਕਰੋੜ 40 ਲੱਖ ਹੈ। ਪਿਛਲੇ ਸਾਲ ਇੱਥੇ 1.3 ਅਰਬ ਟਨ ਕੋਲੇ ਦੀ ਖੁਦਾਈ ਕੀਤੀ ਗਈ, ਜੋ ਚੀਨ ਦੇ ਕੁੱਲ ਉਤਪਾਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ।
ਕੋਲੇ ਦੀਆਂ ਖਾਣਾਂ ਵਿੱਚ ਖ਼ਤਰਨਾਕ ਅਤੇ ਜ਼ਹਿਰੀਲੀਆਂ ਗੈਸਾਂ ਦੇ ਰਿਸਾਅ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਉੱਥੇ ਹੀ ਮਜ਼ਦੂਰ ਹਨੇਰੀਆਂ-ਡੂੰਘੀਆਂ ਅਤੇ ਗੁਫ਼ਾ ਵਰਗੀਆਂ ਤੰਗ ਖਾਣਾਂ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਖੁਦਾਈ ਦਾ ਕੰਮ ਕਰਦੇ ਹਨ। ਬੀਤੇ ਦਿਨੀਂ ਬੰਗਾਲ ਦੇ ਬਰਧਮਾਨ ਜ਼ਿਲ੍ਹੇ ਵਿੱਚ ਵੀ ‘ਈਸਟਰਨ ਕੋਲਫੀਲਡਜ਼ ਲਿਮਟਿਡ’ ਦੀ ਪਰਾਸੀਆ ਕੋਲੀਅਰੀ ਵਿੱਚ ਧਮਾਕਾ ਹੋ ਗਿਆ ਸੀ, ਜਿਸ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਅਤੇ 11 ਲੋਕ ਜ਼ਖ਼ਮੀ ਹੋ ਗਏ ਸਨ।














