ਟੋਰਾਂਟੋ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਟਕਰਾਅ ਕਰ ਕੇ ਜਿਥੇ ਭਾਰਤੀ ਵਿਦਿਆਰਥੀਆਂ ਵਿਚ ਘਬਰਾਹਟ ਹੈ, ਉਥੇ ਹੀ ਕਈ ਕੈਨੇਡੀਅਨ ਕਾਲਜ ਵੀ ਡਰੇ ਹੋਏ ਹਨ। ਕੈਨੇਡਾ ਦੇ ਕਈ ਅਜਿਹੇ ਕਾਲਜ ਹਨ ਜਿਨ੍ਹਾਂ ਵਿਚ 70 ਤੋਂ 80 ਫੀ ਸਦੀ ਦਾਖਲੇ ਭਾਰਤੀ ਵਿਦਿਆਰਥੀਆਂ ’ਤੇ ਆਧਾਰਤ ਹੁੰਦੇ ਹਨ ਅਤੇ ਜੇ ਦਾਖਲੇ ਘਟਣਗੇ ਤਾਂ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਇਕ ਅਕਾਦਮਿਕ ਵਰ੍ਹੇ ਨਾਲ ਹੀ ਵੱਡਾ ਫਰਕ ਪੈ ਜਾਣਾ ਹੈ ਕਿ ਜੇ ਭਾਰਤੀ ਵਿਦਿਆਰਥੀ ਨਾ ਆਏ ਜਾਂ ਉਨ੍ਹਾਂ ਦੀ ਗਿਣਤੀ ਘਟੀ ਤਾਂ ਕਾਲਜਾਂ ਖਰਚਾ ਚਲਾਉਣਾ ਔਖਾ ਹੋ ਜਾਣਾ ਹੈ।

ਉਨਟਾਰੀਓ ਦਾ ਨੌਰਦਨ ਕਾਲਜ ਇਨ੍ਹਾਂ ਵਿਚੋਂ ਇਕ ਹੈ ਜਿਸ ਦੇ ਚਾਰ ਹਜ਼ਾਰ ਵਿਦਿਆਰਥੀਆਂ ਵਿਚੋਂ 3,300 ਭਾਰਤੀ ਹਨ। ਹੋਰ ਕਈ ਕਾਲਜ ਬਿਲਕੁਲ ਇੰਨ ਬਿੰਨ ਅੰਕੜਾ ਰਖਦੇ ਹਨ ਅਤੇ ਉਨ੍ਹਾਂ ਦੀ ਘਬਰਾਹਟ ਸਾਫ ਮਹਿਸੂਸ ਕੀਤੀ ਜਾ ਸਕਦੀ ਹੈ। ਕੈਨੇਡੀਅਨ ਇੰਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਭਾਰਤੀ ਸਟੂਡੈਂਟਸ ਦੀ ਗਿਣਤੀ ਨਾ ਘਟਾਈ ਜਾਵੇ। ਦੂਜੇ ਪਾਸੇ ਭਾਰਤੀ ਸਟੂਡੈਂਟਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੰਸਦ ਵਿਚ ਇਹ ਗੱਲ ਆਖੀ ਕਿ ਕੌਮਾਂਤਰੀ ਸਟੂਡੈਂਟਸ ਸਾਡੇ ਵਾਸਤੇ ਬੇਹੱਦ ਅਹਿਮ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿਚ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।